ਮੁੱਖ ਮੰਤਰੀ ਵੱਲੋਂ ਜ਼ਿਲ੍ਹਾ ਸਦਰ ਮਕਾਮਾਂ ਤੇ ਸੀਐਮ ਵਿੰਡੋ ਦਾ ਐਲਾਨ ਵੀ ਕੋਰਾ ਝੂਠ ਨਿਕਲਿਆ-ਪੁਰਖਾਲਵੀ
ਮੁਹਾਲੀ 02 ਜੁਲਾਈ ,ਬੋਲੇ ਪੰਜਾਬ ਬਿਊਰੋ :
“ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨਾਲ ਵਾਰ-ਵਾਰ ਝੂਠ ਬੋਲਕੇ ਆਪਣੇ ਜਿਮੇਵਾਰ ਅਤੇ ਸਤਿਕਾਰਤ ਅਹੁਦੇ ਦੀ ਭਰੋਸੇਯੋਗਤਾ ਤੇ ਮਰਿਆਦਾ ਨੂੰ ਭਾਰੀ ਢਾਅ ਲਾਈ ਜਾ ਰਹੀ ਐ, “ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ਼ਮਸ਼ੇਰ ਪੁਰਖਾਲਵੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਕੀਤਾ।
ਆਪਣੇ ਬਿਆਨ ਵਿੱਚ ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਰਾਜ ਦੇ ਤਮਾਮ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਉਪਰੰਤ ਆਯੋਜਿਤ ਪ੍ਰੈਸ ਮਿਲਣੀ ਦੌਰਾਨ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ “ਸਰਕਾਰ ਲੋਕਾਂ ਦੇ ਦੁਆਰ” ਨੀਤੀ ਤਹਿਤ ਹਰੇਕ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਜ਼ਿਲ੍ਹਾ ਪੱਧਰੀ ਸੀਐਮ ਵਿੰਡੋ ਸਥਾਪਿਤ ਕੀਤੀ ਜਾਵੇਗੀ ਜਿਹੜੀ ਜਨਤਾ ਅਤੇ ਮੁੱਖ ਮੰਤਰੀ ਦੇ ਵਿਚਕਾਰ ਇੱਕ ਵਚੋਲੀਏ ਦਾ ਕੰਮ ਕਰੇਗੀ। ਉਨ੍ਹਾਂ ਵਾਅਦਾ ਕੀਤਾ ਸੀ ਕਿ ਇਸ ਦਫਤਰ ਵਿੱਚ ਪ੍ਰਾਪਤ ਹੋਣ ਵਾਲੀਆਂ ਤਮਾਮ ਸ਼ਿਕਾਇਤਾਂ ਦਾ ਮੁੱਖ ਮੰਤਰੀ ਦਫਤਰ ਵੱਲੋਂ ਸਮਾਂਬੱਧ ਨਿਪਟਾਰਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਨੂੰ ਠੱਲ੍ਹ ਪਾਈ ਜਾ ਸਕੇ।
ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਇੱਕ ਸ਼ਿਕਾਇਤ ਦੇ ਸੰਬੰਧ ਵਿੱਚ ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਅੱਜ ਸਾਰਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਛਾਣ ਮਾਰਿਆ ਪ੍ਰੰਤੂ ਉਨ੍ਹਾਂ ਨੂੰ ਕੋਈ ਵੀ ਅਜਿਹਾ ਦਫਤਰ ਨਹੀਂ ਮਿਲਿਆ ਜਿਹੜਾ ਮੁੱਖ ਮੰਤਰੀ ਦੇ ਐਲਾਨ ਨਾਲ ਮੇਲ ਖਾਂਦਾ ਹੋਵੇ।
ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦਾ ਸਮੁੱਚਾ ਸਟਾਫ, ਜ਼ਿਲ੍ਹਾ ਪੁੱਛ-ਪੜਤਾਲ ਤੇ ਸਹਾਇਤਾ ਕੇਂਦਰ ਅਤੇ ਖੁਦ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਸ਼ਿਕਾ ਜੈਨ ਵੀ ਇਸ ਵਿੰਡੋ ਤੋਂ ਨਾਵਾਕਿਫ ਨਿਕਲੇ।
ਸ਼੍ਰੀ ਪੁਰਖਾਲਵੀ ਨੇ ਦੱਸਿਆ ਕਿ ਹਾਰ ਕੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਮ ਚੌਧਰੀ ਪੀਸੀਐਸ ਦੇ ਸਪੁਰਦ ਕੀਤੀ ਜਿੱਥੇ ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸ਼ਿਕਾਇਤ ਨੂੰ ਮੁੱਖ ਮੰਤਰੀ ਤੀਕ ਪੁੱਜਦਾ ਕਰ ਦਿੱਤਾ ਜਾਵੇਗਾ। ਸ਼੍ਰੀ ਪੁਰਖਾਲਵੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਦਰਜਨ ਹੋਰ ਵੀ ਪੀੜਤ ਵਿਅਕਤੀ ਆਪਣੀਆਂ ਪੀੜਾਂ ਦੀ ਫਰਿਆਦ ਲੈਕੇ ਮੁੱਖ ਮੰਤਰੀ ਵਿੰਡੋ ਦੀ ਭਾਲ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਧੱਕੇ ਖਾ ਰਹੇ ਸਨ।
ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਹਰ ਵੇਲੇ ਪੰਜਾਬੀਆਂ ਨਾਲ ਕੋਝਾ ਮਜ਼ਾਕ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਗੰਭੀਰ ਹੋਕੇ ਮੂਲ ਰੂਪ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਵੱਜੋਂ ਦਿੱਤੀ ਜਾਵੇ ਤਾਂ ਜੋ ਮੁੱਖ ਮੰਤਰੀ ਦੇ ਅਹੁਦੇ ਦੀ ਨਿੱਤ ਦਿਨ ਹੋ ਰਹੀ ਫਜ਼ੀਹਤ ਨੂੰ ਵਿਰਾਮ ਦਿੱਤਾ ਜਾ ਸਕੇ।