ਦੂਸ਼ਿਤ ਪਾਣੀ ਪੀਣ ਕਾਰਨ 93 ਵਿਅਕਤੀ ਹੋਏ ਬਿਮਾਰ
ਨਾਂਦੇੜ, 1 ਜੁਲਾਈ,ਬੋਲੇ ਪੰਜਾਬ ਬਿਊਰੋ :
ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਦੂਸ਼ਿਤ ਪਾਣੀ ਪੀਣ ਤੋਂ ਬਾਅਦ ਪੇਟ ਦੀ ਬਿਮਾਰੀ ਕਾਰਨ 93 ਵਿਅਕਤੀ ਬਿਮਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੁਗਾਓਂ ਟਾਂਡਾਂ ਜਿੱਥੇ ਇਹ ਘਟਨਾ ਵਾਪਰੀ ਇਸ ਪਿੰਡ ਵਿੱਚ 107 ਘਰ ਹਨ ਅਤੇ ਇਸ ਦੀ ਆਬਾਦੀ 440 ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਬਾਲਾਜੀ ਸ਼ਿੰਦੇ ਨੇ ਦੱਸਿਆ ਕਿ 26 ਤੇ 27 ਜੂਨ ਨੂੰ ਇਕ ਸਥਾਨਕ ਸਿਹਤ ਕੇਂਦਰ ਵਿੱਚ 93 ਵਿਅਕਤੀ ਪੇਟ ਦਰਦ ਅਤੇ ਪੇਚਿਸ਼ ਦੀ ਸ਼ਿਕਾਇਤ ਲੈ ਕੇ ਪਹੁੰਚੇ। ਇਨ੍ਹਾਂ ਵਿੱਚੋਂ 56 ਮਰੀਜ਼ਾਂ ਦਾ ਇਲਾਜ ਮੁਗਾਓਂ ਟਾਂਡਾ ਪਿੰਡ ਵਿੱਚ ਹੀ ਹੋਇਆ ਜਦਕਿ 37 ਹੋਰਾਂ ਨੂੰ ਨਾਲ ਲੱਗਦੇ ਪਿੰਡ ਮਾਂਜਾਰਾਮ ਦੇ ਮੁੱਢਲਾ ਸਿਹਤ ਕੇਂਦਰ ਵਿੱਚ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ਦੀ ਬਾਅਦ ਵਿੱਚ ਛੁੱਟੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਡਾਕਟਰਾਂ ਦੀ ਇਕ ਟੀਮ ਮੁਗਾਓਂ ਵਿੱਚ ਤਾਇਨਾਤ ਕੀਤੀ ਗਈ ਹੈ।