ਮਹਿਲਕਲਾਂ ਦੇ ਪਿੰਡ ਬੀਹਲਾ ਦੇ ਸਰਕਾਰੀ ਸਕੂਲ ਵਿੱਚ ਹਾਦਸਾ ਵਾਪਰਿਆ, ਇੱਕ ਦੀ ਮੌਤ
ਮਹਿਲ ਕਲਾਂ, 1 ਜੁਲਾਈ, ਬੋਲੇ ਪੰਜਾਬ ਬਿਊਰੋ :
ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਬੀਹਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਮਜ਼ਦੂਰ ਦੀ ਮਿੱਟੀ ਵਿੱਚ ਦੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲ ‘ਚ ਪੁੱਟੇ ਗਏ ਖੂਹ ‘ਚ ਕੰਮ ਕਰਦੇ ਸਮੇਂ ਮਿੱਟੀ ‘ਚ ਦੱਬਣ ਨਾਲ ਮਜ਼ਦੂਰ ਦੀ ਮੌਤ ਹੋ ਗਈ।
ਮ੍ਰਿਤਕ ਮਜ਼ਦੂਰ ਦੀ ਪਛਾਣ ਸੋਹਣ ਸਿੰਘ (ਉਮਰ 50) ਪੁੱਤਰ ਮੋਹਨ ਖਾਨ ਵਾਸੀ ਬੀਹਲਾ ਵਜੋਂ ਹੋਈ ਹੈ। ਪਿੰਡ ਦੇ ਸਕੂਲ ਵਿੱਚ 20 ਫੁੱਟ ਡੂੰਘੇ ਖੂਹ ਵਿੱਚ ਕੰਮ ਕਰਦੇ ਸਮੇਂ ਮਿੱਟੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਬੜੀ ਮੁਸ਼ਕਲ ਨਾਲ ਉਸ ਨੂੰ ਕਈ ਘੰਟਿਆਂ ਬਾਅਦ ਜੇ.ਸੀ.ਬੀ ਅਤੇ ਟਰੈਕਟਰਾਂ ਦੀ ਮਦਦ ਨਾਲ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਮਜ਼ਦੂਰ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਇਸ ਮੌਕੇ ਟੱਲੇਵਾਲ ਥਾਣਾ ਮੁਖੀ ਸੁਖਵਿੰਦਰ ਸਿੰਘ ਸੰਘਾ ਪੁਲਿਸ ਪਾਰਟੀ ਸਮੇਤ ਪਿੰਡ ਬੀਹਲਾ ਵਿਖੇ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।