ਸ਼ੱਕੀ ਵਿਅਕਤੀ ਦਿਖਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਪਿੰਡ ਸੀਲ
ਪਠਾਨਕੋਟ, 28 ਜੂਨ, ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ-ਪਠਾਨਕੋਟ ਸਰਹੱਦ ‘ਤੇ ਪਿੰਡ ਕੀੜੀ ਗੰਡਿਆਲ ‘ਚ ਇਕ ਵਾਰ ਫਿਰ ਤੋਂ ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਸ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਬਲਾਂ ਨੇ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਕੇ ਚਾਰੇ ਪਾਸਿਓਂ ਘੇਰਾਬੰਦੀ ਕਰ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਪਿੰਡ ‘ਚ ਪਹੁੰਚ ਗਈ ਅਤੇ ਪਿੰਡ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਤੇ ਐਸਓਜੀ ਦੇ ਕਮਾਂਡੋ ਪਿੰਡ ਦੇ ਸੁੰਨਸਾਨ ਇਲਾਕਿਆਂ ਅਤੇ ਬੰਦ ਘਰਾਂ ਦੀ ਵੀ ਤਲਾਸ਼ੀ ਲੈ ਰਹੇ ਹਨ।
ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਜੰਮੂ-ਕਸ਼ਮੀਰ ਦੀ ਸਰਹੱਦ ਨੇੜੇ ਸਥਿਤ ਪਿੰਡ ਕੋਟ ਭੱਟੀਆਂ ‘ਚ ਦੋ ਹਥਿਆਰਬੰਦ ਅੱਤਵਾਦੀ ਦੇਖੇ ਗਏ ਸਨ, ਜਿਸ ਤੋਂ ਬਾਅਦ 400 ਦੇ ਕਰੀਬ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਇਲਾਕੇ ਦੇ ਹਰ ਕੋਨੇ ‘ਚ ਤਲਾਸ਼ੀ ਲਈ। ਅੱਜ ਉਕਤ ਪਿੰਡ ਵਿੱਚ ਸ਼ੱਕੀ ਦਿੱਖਣ ਕਾਰਨ ਪਿੰਡ ਵਾਸੀ ਡਰੇ ਹੋਏ ਹਨ। ਤਲਾਸ਼ੀ ਦੌਰਾਨ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਹਾਲਾਂਕਿ ਪੁਲਸ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਹੈ।