ਬੀਬਾ ਅਰਮਾਨਜੋਤ ਕੌਰ ਨੂੰ ਰਾਜਸਥਾਨ ਜੂਡੀਸੀਅਲ ਸੇਵਾਵਾਂ ਦੇ ਇਮਤਿਹਾਨ ਵਿਚ ਬੈਠਣ ਤੋਂ ਰੋਕਣ ਵਾਲਿਆ ਵਿਰੁੱਧ ਹੋਵੇ ਕਾਨੂੰਨੀ ਕਾਰਵਾਈ : ਮਾਨ
ਨਵੀਂ ਦਿੱਲੀ 27 ਜੂਨ ,ਬੋਲੇ ਪੰਜਾਬ ਬਿਊਰੋ :
“ਜਲੰਧਰ (ਪੰਜਾਬ) ਦੀ ਰਹਿਣ ਵਾਲੀ ਗੁਰਸਿੱਖ ਅੰਮ੍ਰਿਤਧਾਰੀ ਬੀਬਾ ਅਰਮਾਨਜੋਤ ਕੌਰ ਜਿਸ ਵੱਲੋ 23 ਜੂਨ 2024 ਨੂੰ ਰਾਜਸਥਾਂਨ ਦੇ ਜੋਧਪੁਰ ਵਿਖੇ ਜੂਡੀਸੀਅਲ ਸੇਵਾਵਾਂ ਦੇ ਇਮਤਿਹਾਨ ਵਾਲੇ ਕੇਦਰ ਵਿਚ ਬੈਠਣਾ ਸੀ, ਨੂੰ ਅਧਿਕਾਰੀਆ ਨੇ ਇਸ ਕਰਕੇ ਪੇਪਰ ਦੇਣ ਤੋ ਰੋਕ ਦਿੱਤਾ ਕਿਉਂਕਿ ਉਸਨੇ ਆਪਣੇ ਸਿੱਖ ਧਰਮ ਦੀਆਂ ਰਹੁਰੀਤੀਆ ਅਨੁਸਾਰ ਅੰਮ੍ਰਿਤ ਛਕਿਆ ਹੋਇਆ ਸੀ ਅਤੇ ਸਿੱਖੀ ਦੇ ਚਿੰਨ੍ਹ ਪਹਿਨੇ ਹੋਏ ਸਨ । ਜਿਸ ਵਿਚ ਕਿਰਪਾਨ ਵੀ ਪਹਿਨੀ ਹੋਈ ਸੀ । ਅਧਿਕਾਰੀਆਂ ਵੱਲੋ ਇਸ ਬੀਬਾ ਨੂੰ ਕਿਰਪਾਨ ਲਾਹਕੇ ਅੰਦਰ ਜਾਣ ਬਾਰੇ ਕਿਹਾ ਗਿਆ ਜਿਸ ਤੇ ਬੀਬਾ ਅਰਮਾਨਜੋਤ ਕੌਰ ਨੇ ਨਾਂਹ ਕਰ ਦਿੱਤੀ ਅਤੇ ਉਸ ਨੂੰ ਪੇਪਰ ਨਾ ਦੇਣ ਦੀ ਆਗਿਆ ਦੇ ਕੇ ਉਸਦੇ ਭਵਿੱਖ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਗਿਆ ਹੈ । ਦੂਸਰਾ ਇਸ ਨਾਲ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖ ਮਨਾਂ ਤੇ ਆਤਮਾਵਾ ਨੂੰ ਸੰਬੰਧਤ ਅਧਿਕਾਰੀਆ ਨੇ ਡੂੰਘੀ ਠੇਸ ਪਹੁੰਚਾਈ ਹੈ । ਇਸ ਲਈ ਮੁੱਖ ਜੱਜ ਰਾਜਸਥਾਂਨ ਹਾਈਕੋਰਟ ਸ੍ਰੀ ਮਨਿੰਦਰਾ ਮੋਹਨ ਸ੍ਰੀਵਾਸਤਵਾ ਨੂੰ ਬਤੌਰ ਮੁੱਖ ਜੱਜ ਦੇ ਅਹੁਦੇ ਉਤੇ ਬਿਰਾਜਮਾਨ ਹੋਣ ਦੇ ਨਾਤੇ ਚਾਹੀਦਾ ਹੈ ਕਿ ਉਹ ਵਿਧਾਨ ਦੀ ਧਾਰਾ 14 ਜੋ ਸਭਨਾਂ ਨਾਗਰਿਕਾਂ ਨੂੰ ਆਪਣੀ ਆਜਾਦੀ ਨਾਲ ਆਪਣੇ ਧਰਮ ਨੂੰ ਅਪਣਾਉਣ ਅਤੇ ਉਸਦੀਆਂ ਰਹੁਰੀਤੀਆ ਨੂੰ ਪੂਰਾ ਕਰਨ ਦੀ ਇਜਾਜਤ ਦਿੰਦੀ ਹੈ, ਉਸਦਾ ਉਲੰਘਣ ਕਰਨ ਵਾਲੇ ਸੰਬੰਧਤ ਦੋਸ਼ੀ ਅਧਿਕਾਰੀਆ ਵਿਰੁੱਧ ਫੋਰੀ ਕਾਨੂੰਨੀ ਅਮਲ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਵੀ ਸੰਜੀਦਗੀ ਨਾਲ ਪ੍ਰਬੰਧ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਬੀਬਾ ਅਰਮਾਨਜੋਤ ਕੌਰ ਦੇ ਭਵਿੱਖ ਨਾਲ ਹੋਏ ਖਿਲਵਾੜ ਅਤੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਦੇ ਹੋਏ ਸਾਡੇ ਧਾਰਮਿਕ ਕਕਾਰਾਂ ਕਿਰਪਾਨ ਦੀ ਤੋਹੀਨ ਕਰਨ ਦੀ ਕਾਰਵਾਈ ਕਰਨ ਵਾਲੇ ਦੋਸ਼ੀਆਂ ਵਿਰੁੱਧ ਰਾਜਸਥਾਂਨ ਹਾਈਕੋਰਟ ਦੇ ਮੁੱਖ ਜੱਜ ਸ੍ਰੀ ਮਨਿੰਦਰਾ ਮੋਹਨ ਸ੍ਰੀਵਾਸਤਵਾ ਨੂੰ ਅੱਜ ਆਪਣੇ ਪਾਰਟੀ ਲੈਟਰਪੈਡ ਤੇ ਲਿਖੇ ਗਏ ਸੰਜੀਦਗੀ ਭਰੇ ਪੱਤਰ ਵਿਚ ਪ੍ਰਗਟਾਏ ਗਏ । ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਅਧਿਕਾਰੀਆ ਨੇ ਇਹ ਕਾਰਵਾਈ ਕੀਤੀ ਹੈ, ਉਹ ਫਿਰਕੂ ਤੇ ਮੁਤੱਸਵੀ ਸੋਚ ਦੇ ਗੁਲਾਮ ਹਨ । ਉਨ੍ਹਾਂ ਨੇ ਮੁਲਕ ਵਿਚ ਵੱਸਣ ਵਾਲੀ ਘੱਟ ਗਿਣਤੀ ਕੌਮ ਦੇ ਹੱਕ ਹਕੂਕਾ ਦੀ ਉਲੰਘਣਾ ਕਰਕੇ ਸਿੱਖ ਕੌਮ ਦੇ ਜ਼ਜਬਾਤਾਂ ਨਾਲ ਖਿਲਵਾੜ ਕੀਤਾ ਹੈ । ਅਜਿਹੇ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਦੀ ਨਜਰ ਤੋ ਬਚਣ ਅਤੇ ਘੱਟ ਗਿਣਤੀ ਕੌਮਾਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਦੀ ਇਜਾਜਤ ਕਦਾਚਿੱਤ ਨਹੀ ਦੇਣੀ ਚਾਹੀਦੀ । ਇਸ ਲਈ ਬਿਹਤਰ ਹੋਵੇਗਾ ਕਿ ਕਾਨੂੰਨ ਦੀ ਨਜਰ ਵਿਚ ਕੀਤੀ ਗਈ ਇਸ ਬਜਰ ਗੁਸਤਾਖੀ ਦੇ ਦੋਸ਼ੀ ਨੂੰ ਵਿਧਾਨ ਤੇ ਕਾਨੂੰਨ ਅਨੁਸਾਰ ਸਜਾਵਾਂ ਦੇ ਕੇ ਸਿੱਖ ਮਨਾਂ ਵਿਚ ਉੱਠੇ ਰੋਹ ਨੂੰ ਸ਼ਾਂਤ ਕੀਤਾ ਜਾਵੇ ।