ਅੰਮ੍ਰਿਤਸਰ 22 ਜੂਨ,ਬੋਲੇ ਪੰਜਾਬ ਬਿਓਰੋ: -ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਸਾਮ ਦੀ ਡਿਬਰੁਗੜ੍ਹ ਜੇਲ ਵਿਚ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਜਿਤੇ ਭਾਈ ਅਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਤੇ ਲੱਗੀ ਐਨ ਐਸ ਏ ਨੂੰ ਇਕ ਸਾਲ ਲਈ ਵਧਾਉਣ ਤੇ ਪੰਜਾਬ ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਰਕਾਰ ਸਿੱਖਾਂ ਨਾਲ ਮੰਦਭਾਗਾ ਰਵਈਆ ਆਪਣਾ ਰਹੀ ਹੈ। ਚਾਹੀਦਾ ਤਾਂ ਇਹ ਕਿ ਲੋਕ ਰਾਏ ਦਾ ਸਨਮਾਨ ਕਰਦਿਆਂ ਭਾਈ ਅਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਨਾਲ ਬੰਦੀ ਸਿੰਘ ਰਿਹਾਅ ਕੀਤੇ ਜਾਂਦੇ ਪਰ ਸਰਕਾਰ ਨੇ ਲੋਕ ਭਾਵਨਾਵਾਂ ਤੋਂ ਉਲਟ ਬੰਦੀ ਸਿੰਘਾਂ ਤੇ ਲੱਗੀ ਐਨ ਐਸ ਏ ਵਿਚ ਇਕ ਸਾਲ ਦਾ ਵਾਧਾ ਕਰ ਦਿੱਤਾ ਹੈ। ਇਉ ਲਗਦਾ ਹੈ ਜਿਵੇਂ ਸਿੱਖਾਂ ਨੂੰ ਭਾਰਤ ਵਿਚ ਇਨਸਾਫ ਨਹੀਂ ਮਿਲੇਗਾ। ਪਹਿਲਾ ਤੋਂ ਅਦਾਲਤਾਂ ਵਲੋਂ ਮਿਲੀਆਂ ਸਜ਼ਾਵਾਂ ਨਾਲੋਂ ਦੁਗਣੀਆ ਸਜ਼ਾਵਾਂ ਭੋਗ ਚੁਕੇ ਬੰਦੀ ਸਿੰਘ ਤਾਂ ਕੀ ਰਿਹਾਅ ਕਰਨੇ ਸਨ ਸਰਕਾਰ ਹੋਰ ਸਿੰਘਾਂ ਨੂੰ ਜੇਲ੍ਹ ਵਿਚ ਬੰਦ ਕਰ ਰਹੀ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੇ ਜਾਣ ਨੂੰ ਸ਼ੁਭ ਸੰਕੇਤ ਦੱਸਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਜੇ ਬਿੱਟੂ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਕਰਦੇ ਹਨ ਤਾਂ ਇਹ ਇਕ ਚੰਗਾ ਕਦਮ ਹੈ।