ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਰਗੋਬਿੰਦ ਕੌਰ ਦੇ ਨਾਲ ਚਟਾਨ ਵਾਂਗ ਖੜੀਆਂ ਹਨ ,ਸਰਕਾਰ ਨੂੰ ਦਿੱਤਾ ਜਾਵੇਗਾ ਮੂੰਹ ਤੋੜਵਾਂ ਜਵਾਬ
ਗੁਰਦਾਸਪੁਰ 20 ਜੂਨ ,ਬੋਲੇ ਪੰਜਾਬ ਬਿਓਰੋ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਮਹਿਕਮੇ ਵਿਚੋਂ ਸੇਵਾਵਾਂ ਖ਼ਤਮ ਕਰਨ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਯੂਨੀਅਨ ਦੀ ਬਲਾਕ ਪ੍ਰਧਾਨ/ਜ਼ਿਲਾ ਪ੍ਰਧਾਨ ਸੁਖਰਮਨ ਕੌਰ ਨੇ ਕਿਹਾ ਹੈ ਕਿ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਰਗੋਬਿੰਦ ਕੌਰ ਦੇ ਨਾਲ ਚਟਾਨ ਵਾਂਗ ਖੜੀਆਂ ਹਨ ਤੇ ਪੰਜਾਬ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੀਆਂ । ਉਹਨਾਂ ਕਿਹਾ ਕਿ ਪਿਛਲੇਂ 30 ਸਾਲਾਂ ਤੋਂ ਹਰਗੋਬਿੰਦ ਕੌਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕਾਂ ਖਾਤਰ ਸਰਕਾਰਾਂ ਨਾਲ ਲੜੀ ਹੈ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਹਾਲਤ ਪਹਿਲਾਂ ਬਹੁਤ ਡਾਵਾਂਡੋਲ ਹੁੰਦੀ ਸੀ ਪਰ ਹਰਗੋਬਿੰਦ ਕੌਰ ਦੀ ਬਦੌਲਤ ਹੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਸਨਮਾਨ ਹਰ ਥਾਂ ਵਧਿਆ । ਹਰਗੋਬਿੰਦ ਕੌਰ ਲੱਖਾਂ ਕਰੋੜਾਂ ਔਰਤਾਂ ਦੀ ਅਵਾਜ਼ ਬਣੇ ਹੋਏ ਹਨ ਅਤੇ ਹੱਕ ਅਤੇ ਇਨਸਾਫ਼ ਦੀ ਲੜਾਈ ਲੜ ਰਹੇ ਹਨ।
ਪਰ ਪੰਜਾਬ ਸਰਕਾਰ ਨੇ ਬੁਖਲਾਹਟ ਵਿੱਚ ਆ ਕੇ ਘਟੀਆ ਕੰਮ ਕੀਤਾ ਹੈ ਜਿਸ ਦੀ ਉਹ ਜ਼ੋਰਦਾਰ ਨਿੰਦਾ ਕਰਦੇ ਹਨ। ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਸੋਸ਼ਲ ਵਰਕਰ ਹੈ ਤੇ ਉਹ ਰਾਜਨੀਤਕ ਗਤੀਵਿਧੀਆਂ ਵਿੱਚ ਭਾਗ ਲੈ ਸਕਦੀ ਹੈ । ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਆਂਗਣਵਾੜੀ ਵਰਕਰਾਂ ਨੂੰ ਰਾਜਨੀਤਿਕ ਕੰਮਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਚੁੱਕੀ ਹੈ ਉਹਨਾਂ ਕਿਹਾ ਕਿ ਹੋਰ ਵੀ ਬਹੁਤ ਸਾਰੀਆਂ ਆਂਗਣਵਾੜੀ ਵਰਕਰਾਂ ਪੰਚ, ਸਰਪੰਚ , ਬਲਾਕ ਸੰਮਤੀ ਮੈਂਬਰ , ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਹੋਰ ਅਹੁਦਿਆਂ ਤੇ ਹਨ ਅਤੇ ਰਾਜਨੀਤਕ ਗਤੀਵਿਧੀਆਂ ਵਿੱਚ ਭਾਗ ਲੈ ਰਹੀਆਂ ਹਨ ਪਰ ਇਕੱਲੀ ਹਰਗੋਬਿੰਦ ਕੌਰ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ? ਇਸ ਮੌਕੇ ਸੁਖਮਨ ਕੌਰ ,ਰੀਟਾ ਰਾਣੀ ,ਪਰਮਜੀਤ ਕੌਰ, ਸੁਰਿੰਦਰ ਕੌਰ,ਜਤਿੰਦਰ ਕੌਰ, ਮਨਪ੍ਰੀਤ ਕੌਰ ਕਾਹਨੂੰਵਾਨ, ਸਰਬਜੀਤ ਕੌਰ ਦੌਰਾਂਗਲਾ ,ਸਰਬਜੀਤ ਕੌਰ ਸ੍ਰੀ ਹਰਗੋਬਿੰਦ ਪੁਰ ਰਾਜਵੰਤ ਕੌਰ ਬਟਾਲਾ, ਇੰਦਰਜੀਤ ਕੌਰ ਬਟਾਲਾ ਆਦਿ ਆਗੂ ਵੀ ਮੋਜੂਦ ਸਨ ।