ਨੀਟ 2024 ਦੀ ਪ੍ਰੀਖਿਆ ਦੁਬਾਰਾ ਲਵੋ÷ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ।
ਮਾਨਸਾ19 ਜੂਨ ,ਬੋਲੇ ਪੰਜਾਬ ਬਿਓਰੋ: ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਇਸੇ ਸਾਲ ਦੌਰਾਨ ਹੋਈ ਨੀਟ 2024 ਦੀ ਪ੍ਰੀਖਿਆ ਵਿੱਚ ਹੋਏ ਘੁਟਾਲੇ ਕਾਰਨ ਪ੍ਰੀਖਿਆ ਨੂੰ ਦੁਬਾਰਾ ਲਏ ਜਾਣ,NTA ਨੂੰ ਖ਼ਤਮ ਕਰਵਾਏ ਜਾਣ ਅਤੇ ਘੁਟਾਲੇ ਦੇ ਦੋਸ਼ੀਆਂ ਉੱਪਰ ਕਾਰਵਾਈ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਗੇਟ ਅੱਗੇ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਪੰਜਾਬ ਦੇ ਆਗੂ ਸੁਖਜੀਤ ਰਾਮਾਨੰਦੀ ਅਤੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ਤੇ ਐੱਨ ਟੀ ਏ ਵਿਦਿਆਰਥੀਆਂ ਨੂੰ ਵੱਡੀ ਪੱਧਰ ਤੇ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚੋਂ ਬਾਹਰ ਕਰਨ ਅਤੇ ਨਿੱਜੀਕਰਨ ਦੇ ਮਕਸਦ ਦੀ ਪੂਰਤੀ ਲਈ ਮੈਡੀਕਲ ਦੀ ਪੜ੍ਹਾਈ ਲਈ ਅਤਿ ਜ਼ਰੂਰੀ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਘੁਟਾਲੇ ਕਰਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ-ਨੌਜਵਾਨਾਂ ਦੇ ਭਵਿੱਖ ਨੂੰ ਧੁੰਦਲਾ ਕਰ ਰਹੀ ਹੈ। ਵਿਕਾਸ ਦੇ ਨਾਮ ਤੇ ਵੋਟਾਂ ਮੰਗਣ ਵਾਲੀ ਐੱਨ ਡੀ ਏ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਾਇਮਰੀ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਦੀ ਪੜ੍ਹਾਈ ਲਈ ਫ਼ੀਸਾਂ ਫੰਡਾਂ ਵਿੱਚ ਬੇਅਥਾਹ ਵਾਧਾ, ਪ੍ਰੀਖਿਆਵਾਂ ਵਿੱਚ ਘਪਲੇ ਅਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਹੋਇਆ ਹੈ।ਐੱਨ ਡੀ ਏ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਅੰਦਰ ਪੜੇ ਲਿਖੇ ਬੇਰੁਜ਼ਗਾਰਾਂ ਦੀ ਗਿਣਤੀ 85 ਪ੍ਰਤੀਸ਼ਤ ਦੇ ਕਰੀਬ ਪਹੁੰਚ ਚੁੱਕੀ ਹੈ।
ਆਗੂਆਂ ਨੇ ਕਿਹਾ ਕਿ ਐੱਨ ਡੀ ਏ ਸਰਕਾਰ ਆਪਣੇ ਹੱਕ ਮੰਗਣ ਵਾਲੀਆਂ ਆਵਾਜ਼ਾਂ ਨੂੰ ਕੁਚਲਣ ਦੇ ਮਕਸਦ ਦੀ ਪੂਰਤੀ ਲਈ ਦੇਸ਼ ਦੀ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਉੱਪਰ ਲਗਾਇਆ ਗਿਆ UAPA ਖ਼ਤਮ ਕਰਕੇ ਪਰਚਾ ਰੱਦ ਕੀਤਾ ਜਾਵੇ ਅਤੇ ਝੂਠੇ ਪਰਚੇ ਪਾਉਣੇ ਬੰਦ ਕੀਤੇ ਜਾਣ।
ਇਸ ਮੌਕੇ ਆਇਸਾ ਦੇ ਜ਼ਿਲ੍ਹਾ ਸਕੱਤਰ ਰਾਜਦੀਪ ਸਿੰਘ ਗੇਹਲੇ,ਜ਼ਿਲਾ ਪ੍ਰੈੱਸ ਸਕੱਤਰ ਰਵਲੀਨ ਕੌਰ ਡੇਲੂਆਣਾ,ਜ਼ਿਲਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ ਅਤੇ ਜਿਲ੍ਹਾ ਕਮੇਟੀ ਮੈਂਬਰ ਸੱਤਨਾਮ ਸਿੰਘ ਗੰਢੂ ਖੁਰਦ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।