ਫਗਵਾੜਾ ਵਿਖੇ ਬੱਚੀ ਦੀ ਇਲਾਜ ਦੌਰਾਨ ਮੌਤ, ਪਰਿਵਾਰ ਨੇ ਡਾਕਟਰ ‘ਤੇ ਲਾਏ ਅਣਗਹਿਲੀ ਦੇ ਦੋਸ਼

ਪੰਜਾਬ

ਫਗਵਾੜਾ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਫਗਵਾੜਾ ਦੇ ਹਸਪਤਾਲ ‘ਚ ਇਲਾਜ ਦੌਰਾਨ 6 ਮਹੀਨੇ ਦੀ ਬੱਚੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰ ‘ਤੇ ਦੋਸ਼ ਲਗਾਇਆ ਅਤੇ ਹਸਪਤਾਲ ‘ਚ ਭੰਨਤੋੜ ਕੀਤੀ। ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ ਅਤੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
ਜਾਣਕਾਰੀ ਅਨੁਸਾਰ ਲੜਕੀ ਨੂੰ ਡਾਇਰੀਆ ਦੀ ਸ਼ਿਕਾਇਤ ਸੀ ਅਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲਿਜਾਇਆ ਗਿਆ ਸੀ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਲਾਜ ਦੌਰਾਨ ਡਾਕਟਰ ਨੇ ਗੁਲੂਕੋਜ਼ ਵਿੱਚ ਦੋ ਟੀਕੇ ਮਿਲਾ ਦਿੱਤੇ ਜਿਸ ਨਾਲ ਲੜਕੀ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਜਿਸ ਕਾਰਨ ਪਰਿਵਾਰ ਨੇ ਗੁੱਸੇ ‘ਚ ਆ ਕੇ ਹਸਪਤਾਲ ‘ਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਦੋਸ਼ ਲਾਇਆ ਕਿ ਡਾਕਟਰ ਵੱਲੋਂ ਆਕਸੀਜਨ ਗੈਸ ਸਿਲੰਡਰ ਸੁੱਟੇ ਜਾਣ ਕਾਰਨ ਹਸਪਤਾਲ ਦਾ ਸ਼ੀਸ਼ਾ ਟੁੱਟ ਗਿਆ। ਹੰਗਾਮੇ ਕਾਰਨ ਥਾਣਾ ਸਿਟੀ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। 
ਮੌਕੇ ‘ਤੇ ਡਾਕਟਰ ਨੇ ਦੱਸਿਆ ਕਿ 6 ਮਹੀਨੇ ਦੀ ਬੱਚੀ ਦਸਤ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਜਦੋਂ ਉਸ ਨੂੰ ਇਲਾਜ ਲਈ ਉਨ੍ਹਾਂ ਕੋਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ।ਉਸ ਨੇ ਦੱਸਿਆ ਕਿ ਉਸ ਨੇ ਮਰੀਜ਼ ਨੂੰ ਜਲੰਧਰ ਲੈ ਕੇ ਜਾਣ ਲਈ ਕਿਹਾ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਤੁਸੀਂ ਐਮਰਜੈਂਸੀ ਇਲਾਜ ਸ਼ੁਰੂ ਕਰ ਦਿਓ। ਪਰਿਵਾਰ ਦੇ ਕਹਿਣ ‘ਤੇ ਐਮਰਜੈਂਸੀ ਇਲਾਜ ਸ਼ੁਰੂ ਕੀਤਾ ਗਿਆ, ਜਿਸ ਦੌਰਾਨ ਬੱਚੀ ਦੀ ਮੌਤ ਹੋ ਗਈ। ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਹਸਪਤਾਲ ਪੁੱਜੇ ਜਿੱਥੇ ਮਰੀਜ਼ ਦੇ ਪਰਿਵਾਰਕ ਮੈਂਬਰ ਹੰਗਾਮਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤੇ ਲਈ ਗੱਲਬਾਤ ਚੱਲ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।