ਫ਼ਤਿਹਗੜ੍ਹ ਸਾਹਿਬ,14, ਅਪ੍ਰੈਲ( ਮਲਾਗਰ ਖਮਾਣੋਂ )
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਪੁਲਿਸ ਦੀ ਸਪੈਸ਼ਲ ਬ੍ਰਾਂਚ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸੂਬਾ ਸਰਕਾਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਬਾਅਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਜ਼ਮੀਨਾਂ ਚੋਂ ਆਪਣੇ ਹਿੱਸੇ ਉੱਪਰ ਹੱਕ ਜਤਾਉਂਦੇ ਦਲਿਤਾਂ ਨੂੰ ਆਪਣਾ ਚੋਣਵਾਂ ਨਿਸ਼ਾਨਾ ਬਣਾਉਂਦੇ ਹੋਏ ਕਾਰਪੋਰੇਟ ਅਤੇ ਜਗੀਰਦਾਰਾਂ ਦੀ ਦਲਾਲ ਹੋਣ ਦਾ ਸਬੂਤ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਹੱਕੀ ਆਵਾਜ਼ ਨੂੰ ਕੁਚਲਣ ਲਈ ਭਗਵੰਤ ਸਿੰਘ ਮਾਨ ਦੀ ਸੂਬਾ ਸਰਕਾਰ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਦੇ ਨਕਸ਼ੇ ਕਦਮਾਂ ਉੱਪਰ ਚੱਲਦੀ ਹੋਈ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਰਹੀ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਿਸ ਦੀ ਸਪੈਸ਼ਲ ਬ੍ਰਾਂਚ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਤੋਂ ਉਹਨਾਂ ਦੇ ਆਧਾਰ ਕਾਰਡ ਮੰਗਣ, ਉਹਨਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਮੰਗਣ, ਉਹਨਾਂ ਦੇ ਰਿਸ਼ਤੇਦਾਰਾਂ ਦੀ ਡਿਟੇਲ ਮੰਗਣ ਅਤੇ ਉਨਾਂ ਦੀ ਲਗਾਤਾਰ ਨਿਗਰਾਨੀ ਕਰਨ ਦੀ ਜਥੇਬੰਦੀ ਵੱਲੋਂ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਰਹੀ। ਪਹਿਲਾਂ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਅਤੇ ਅਧਿਆਪਕਾਂ ‘ਤੇ ਲਾਠੀਚਾਰਜ ਕੀਤਾ, ਉਹਨਾਂ ਨੂੰ ਜੇਲਾਂ ਵਿੱਚ ਸੁੱਟਿਆ। ਹੁਣ ਪੰਜਾਬ ਸਰਕਾਰ ਅਤੇ ਪੁਲਿਸ ਦਲਿਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ ਹੈ। ਖ਼ਾਸਕਰ ਮਾਲਵਾ ਖੇਤਰ ਦੇ ਜ਼ਿਲ੍ਹਾ ਸੰਗਰੂਰ ਆਦਿ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਲਗਾਤਾਰ ਪੈੜ ਨੱਪੀ ਜਾ ਰਹੀ ਹੈ। ਉਹਨਾਂ ਨੂੰ ਘਰਾਂ ਵਿੱਚ ਜਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਦੇ ਬੈਂਕ ਖਾਤਿਆਂ ਦਾ ਰਿਕਾਰਡ ਮੰਗਣਾ, ਉਹਨਾਂ ਦੀਆਂ ਰਿਸ਼ਤੇਦਾਰੀਆਂ ਪਤਾ ਕਰਨਾ, ਉਹਨਾਂ ਦੇ ਆਧਾਰ ਕਾਰਡ ਮੰਗਣਾ ਭਾਰਤ ਦੇ ਸੰਵਿਧਾਨ ਮੁਤਾਬਕ ਇਹ ਉਹਨਾਂ ਦੇ ਜਮਹੂਰੀ ਹੱਕਾਂ ਉੱਪਰ ਡਾਕਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ਾਂ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਅੱਜ ਅਮਿਤ ਸ਼ਾਹ ਦੇ ਇਸ਼ਾਰੇ ਉੱਤੇ ਮਿਹਨਤੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦਬਾਉਣ ਲੱਗੀ ਹੋਈ ਹੈ। ਇਹ ਆਮ ਆਦਮੀ ਦੀ ਪਾਰਟੀ ਨਾ ਹੋ ਕੇ ਵੱਡੇ ਜਗੀਰਦਾਰਾਂ ਦੇ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ। ਇਸ ਦਾ ਕਿਰਦਾਰ ਹਮੇਸ਼ਾ ਦਲਿਤ ਵਿਰੋਧੀ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੇ ਬੇਜ਼ਮੀਨੇ ਲੋਕਾਂ ਲਈ ਆਪਣੀ ਮਾਲਕੀ ਵਾਲੀ ਜਮੀਨ ਦੇ ਇੱਕ ਟੋਟੇ ਲਈ ਰੌਸ਼ਨੀ ਦੀ ਕਿਰਨ ਬਣ ਕੇ ਉਭਰੀ ਹੈ। ਇਹ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਦੀ ਜ਼ਮੀਨ ਦੇ ਅਧਿਕਾਰ ਦੀ ਗੱਲ ਕਰਦੀ ਹੈ ਅਤੇ ਜਾਤੀ ਦਮਨ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੀ ਹੈ।
ਆਗੂਆਂ ਨੇ ਕਿਹਾ ਕਿ ਜਿਸ ਦਿਨ ਦਾ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਨੇ ਜੀਂਦ ਦੇ ਸਰਦਾਰ ਦੀ 927 ਏਕੜ ਜਮੀਨ ਵਿੱਚ ਚਿਰਾਗ ਲਗਾਇਆ ਹੈ, ਉਸ ਦਿਨ ਤੋਂ ਹੀ ਸਰਕਾਰ ਨੇ ਆਗੂਆਂ ਦੀ ਪੈੜ ਨੱਪਣਾ ਸ਼ੁਰੂ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਦੇ ਕੁਝ ਲੀਡਰ ਅਤੇ ਅਫ਼ਸਰ ਇਸ ਜ਼ਮੀਨ ਉੱਤੇ ਅੱਖ ਰੱਖ ਰਹੇ ਹਨ ਅਤੇ ਇਸ ਨੂੰ ਹੜਪਣਾ ਚਾਹੁੰਦੇ ਹਨ।
ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਕਿਰਤੀ ਲੋਕਾਂ ਦੇ ਲੀਡਰਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਜਾਂ ਕਿਸੇ ਨੂੰ ਵੀ ਗ੍ਰਿਫ਼ਤਾਰ ਕੀਤਾ ਤਾਂ ਉਸ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਉਕਤ ਜ਼ਮੀਨ ਉੱਪਰ ਦਲਿਤਾਂ ਤੇ ਬੇਜ਼ਮੀਨੇ ਮਿਹਨਤੀਆਂ ਦਾ ਅਧਿਕਾਰ ਹੈ। ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਅਤੇ ਕਿਸੇ ਅਫ਼ਸਰਸ਼ਾਹੀ ਨੂੰ ਇਸ ਜ਼ਮੀਨ ‘ਤੇ ਕਾਬਜ ਨਹੀਂ ਹੋਣ ਦਿੱਤਾ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਨਾਲ ਡੱਟ ਕੇ ਖੜ੍ਹੀ ਹੈ।
