ਮੁੰਬਈ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੂੰ ਇਕ ਵਾਰ ਹੋਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਵਰਲੀ ਟਰਾਂਸਪੋਰਟ ਡਿਪਾਰਟਮੈਂਟ ਦੇ ਵਟਸਐਪ ਨੰਬਰ ’ਤੇ ਇੱਕ ਅਣਜਾਣ ਵਿਅਕਤੀ ਵੱਲੋਂ ਭੇਜੀ ਗਈ। ਸੁਨੇਹੇ ਵਿੱਚ ਕਿਹਾ ਗਿਆ ਕਿ ਉਹ ਸਿੱਧਾ ਸਲਮਾਨ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਹੱਤਿਆ ਕਰੇਗਾ ਅਤੇ ਉਸ ਦੀ ਕਾਰ ਨੂੰ ਵੀ ਬੰਬ ਨਾਲ ਉਡਾ ਦੇਵੇਗਾ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਵਰਲੀ ਪੁਲਿਸ ਨੇ ਤੁਰੰਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਨੇ ਏਐਨਆਈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ, ਸਲਮਾਨ ਖਾਨ ਨੂੰ ਪਿਛਲੇ ਕਈ ਸਾਲਾਂ ਤੋਂ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ। 8 ਨਵੰਬਰ 2024 ਨੂੰ ਵੀ ਸਲਮਾਨ ਨੂੰ ਮੁੰਬਈ ਟ੍ਰੈਫਿਕ ਕੰਟਰੋਲ ਰੂਮ ਰਾਹੀਂ ਧਮਕੀ ਭਰਿਆ ਫੋਨ ਆਇਆ ਸੀ, ਜਿਸ ’ਤੇ ਵੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
