ਚੰਡੀਗੜ੍ਹ, 13 ਅਪਰੈਲ ,ਬੋਲੇ ਪੰਜਾਬ ਬਿਊਰੋ :
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਦੋਹਾਂ ਪਾਰਟੀਆਂ ਜਾਨਬੁੱਝ ਕੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਪਾਕਿਸਤਾਨ ਪ੍ਰਾਯੋਜਿਤ ਆਤੰਕੀ ਗਤਿਵਿਧੀਆਂ ਨੂੰ ਲੈ ਕੇ ਇਨ੍ਹਾਂ ਦੀ ਲਾਪਰਵਾਹੀ ਅਤੇ ਅਸੰਵੇਦਨਸ਼ੀਲਤਾ ਸਾਫ਼ ਦਿਖਾਈ ਦੇ ਰਹੀ ਹੈ।
ਚੁੱਘ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੀ ਇਹ ਸਾਂਠ-ਗਾਂਠ ਸਿਰਫ ਰਾਜਨੀਤਿਕ ਫਾਇਦੇ ਲਈ ਹੈ। ਪਾਕਿਸਤਾਨ ਪ੍ਰੇਰਿਤ ਆਤੰਕੀ ਘਟਨਾਵਾਂ ਵਿਚਕਾਰ ਜਦੋਂ ਸਾਰੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਤਦ ਇਨ੍ਹਾਂ ਦੋਹਾਂ ਪਾਰਟੀਆਂ ਦਾ ਰਵੱਈਆ ਨਾ ਸਿਰਫ ਗੈਰ-ਜਿੰਮੇਵਾਰਾਨਾ ਹੈ, ਸਗੋਂ ਸ਼ਾਂਤੀ ਕਾਇਮ ਰੱਖਣ ਲਈ ਵੀ ਖਤਰਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਰਾਜ ਵਿੱਚ ਵਧ ਰਹੀਆਂ ਗ੍ਰਨੇਡ ਹਮਲਿਆਂ ਦੀਆਂ ਘਟਨਾਵਾਂ ਉੱਤੇ ਨਕੇਲ ਪਾਉਣ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਦੂਜੇ ਪਾਸੇ, ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ “50 ਬੰਬ ਪੰਜਾਬ ‘ਚ ਆ ਚੁੱਕੇ ਹਨ” ਵਰਗੇ ਡਰਾਉਣੇ ਬਿਆਨ ਦੇ ਕੇ ਲੋਕਾਂ ਵਿਚ ਦਹਿਸ਼ਤ ਅਤੇ ਭੈ ਦਾ ਮਾਹੌਲ ਪੈਦਾ ਕਰ ਰਹੇ ਹਨ।
ਤਰੁਣ ਚੁੱਘ ਨੇ ਪੰਜਾਬ ਸਰਕਾਰ ਦੀ ਖੁਫੀਆ ਏਜੰਸੀਆਂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਕੋਲ ਅਜਿਹੀ ਕੋਈ ਸੰਵੇਦਨਸ਼ੀਲ ਅਤੇ ਪੱਕੀ ਜਾਣਕਾਰੀ ਹੈ ਤਾਂ ਉਹ ਉਹਨੂੰ ਰਾਜ ਦੀ ਸੁਰੱਖਿਆ ਏਜੰਸੀਆਂ ਨਾਲ ਸਾਂਝਾ ਕਰਨ, ਨਹੀਂ ਤਾਂ ਅਜਿਹੇ ਬਿਆਨਾਂ ਰਾਹੀਂ ਲੋਕਾਂ ਵਿਚ ਡਰ ਫੈਲਾਉਣਾ ਬੰਦ ਕਰਨ। ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਲੋਕਾਂ ਵਿਚ ਡਰ ਪੈਦਾ ਹੁੰਦਾ ਹੈ, ਆਤੰਕੀਆਂ ਦੇ ਹੋਂਸਲੇ ਵਧਦੇ ਹਨ ਅਤੇ ਆਮ ਲੋਕਾਂ ਦੀ ਸੁਰੱਖਿਆ ਖ਼ਤਰੇ ‘ਚ ਪੈ ਜਾਂਦੀ ਹੈ।
ਚੁੱਘ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ‘ਚ ਪੰਜਾਬ ਵਿਚ ਸੋਲ੍ਹਾਂ ਤੋਂ ਵੱਧ ਗ੍ਰਨੇਡ ਹਮਲੇ ਹੋ ਚੁੱਕੇ ਹਨ। ਆਮ ਲੋਕ ਪਹਿਲਾਂ ਹੀ ਡਰ ਅਤੇ ਅਸੁਰੱਖਿਆ ਦੇ ਮਾਹੌਲ ‘ਚ ਜੀ ਰਹੇ ਹਨ, ਅਤੇ ਅਜਿਹੇ ‘ਚ ਕਾਂਗਰਸ ਦੇ ਨੇਤਾ ਜਾਣ-ਬੁਝ ਕੇ ਹਾਲਾਤ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰ ਸਰਕਾਰ ਸਰਹੱਦ ਪਾਰ ਤੋਂ ਆਉਣ ਵਾਲੇ ਹਰ ਖ਼ਤਰੇ ਦਾ ਮੂੰਹ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ, ਸੰਕਲਪਸ਼ੀਲ ਅਤੇ ਸਮਰਥ ਹੈ। ਪਰ ਪੰਜਾਬ ਦੀ ‘ਆਪਦਾ ਸਰਕਾਰ’ ਦੀ ਉਦਾਸੀਨਤਾ ਅਤੇ ਕਾਂਗਰਸ ਦੀ ਭੜਕਾਊ ਬਿਆਨਬਾਜ਼ੀ ਹਾਲਾਤ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ।