ਕੋਲਕਾਤਾ, 12 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ‘ਚ ਵਕਫ (ਸੋਧ) ਕਾਨੂੰਨ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਸਮਸੇਰਗੰਜ ਇਲਾਕੇ ਦੇ ਜਾਫਰਾਬਾਦ ਸਥਿਤ ਆਪਣੇ ਘਰ ‘ਚ ਮ੍ਰਿਤਕ ਪਿਓ-ਪੁੱਤ ਜ਼ਖਮੀ ਹਾਲਤ ‘ਚ ਮਿਲੇ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਲੁੱਟ ਦੌਰਾਨ ਬਦਮਾਸ਼ਾਂ ਨੇ ਦੋਵਾਂ ‘ਤੇ ਚਾਕੂ ਨਾਲ ਕਈ ਵਾਰ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਇੱਕ ਵੱਖਰੀ ਘਟਨਾ ਵਿੱਚ ਸਮਸੇਰਗੰਜ ਬਲਾਕ ਦੇ ਧੂਲੀਆ ਵਿੱਚ ਇੱਕ ਹੋਰ ਵਿਅਕਤੀ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਹੈ। ਵਕਫ ਕਾਨੂੰਨ ਦੇ ਖਿਲਾਫ ਪ੍ਰਦਰਸ਼ਨਾਂ ਦੌਰਾਨ ਸ਼ੁੱਕਰਵਾਰ ਨੂੰ ਮੁਰਸ਼ਿਦਾਬਾਦ ਜ਼ਿਲੇ ਦੇ ਸੂਤੀ ਅਤੇ ਸਮਸੇਰਗੰਜ ਖੇਤਰਾਂ ਤੋਂ ਵੱਡੇ ਪੱਧਰ ‘ਤੇ ਹਿੰਸਾ ਦੀ ਖਬਰ ਮਿਲੀ ਹੈ।
