ਹਾਜੀਪੁਰ, 12 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਫ਼ੌਜ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਖ਼ਿਲਾਫ਼ ਥਾਣਾ ਹਾਜੀਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹਾਜੀਪੁਰ ਦੇ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਸੰਤੋਸ਼ ਸਿੰਘ ਪੁੱਤਰ ਨਾਨਕ ਚੰਦ, ਰਾਜ ਕੁਮਾਰ ਪੁੱਤਰ ਰਤਨ ਚੰਦ ਅਤੇ ਦਿਨੇਸ਼ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਰਣਸੋਤਾ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਤਨਿਸ਼ ਜਰਿਆਲ ਪੁੱਤਰ ਮੁਕੇਸ਼ ਕੁਮਾਰ ਵਾਸੀ ਰਣਸੋਤਾ ਨੇ ਉਸ ਦੇ ਪੁੱਤਰਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਵਿੱਚ ਗਰੁੱਪ ਸੀ ਅੱਪਰ ਡਿਵੀਜ਼ਨ ਕਲਰਕ ਦੀ ਪੋਸਟ ’ਤੇ ਫੌਜ ਵਿੱਚ ਨੌਕਰੀ ਦਿਵਾਉਣ ਦਾ ਝੂਠਾ ਸੁਪਨਾ ਦਿਖਾਇਆ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਨੇ ਐਨ.ਡੀ.ਏ. ਭਰਤੀ ਲਈ ਜਾਅਲੀ ਜੁਆਇਨਿੰਗ ਲੈਟਰ ਦੇ ਕੇ ਕੁੱਲ 14,76,000 ਰੁਪਏ ਦੀ ਠੱਗੀ ਮਾਰੀ। ਜਾਂਚ ਤੋਂ ਬਾਅਦ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਹੁਸ਼ਿਆਰਪੁਰ ਦੇ ਹੁਕਮਾਂ ‘ਤੇ ਤਨੀਸ਼ ਜਰਿਆਲ ਖਿਲਾਫ ਥਾਣਾ ਹਾਜੀਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
