ਪੇਨੂਕੋਂਡਾ, 10 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਆਂਧਰਾ ਪ੍ਰਦੇਸ਼ ਦੇ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਪੇਨੂਕੋਂਡਾ ਵਿੱਚ ਸਥਿਤ ਕੀਆ ਮੋਟਰਸ ਇੰਡੀਆ ਦੇ ਪਲਾਂਟ ਵਿਚੋਂ 900 ਕਾਰ ਇੰਜਣ ਚੋਰੀ ਹੋਣ ਦੀ ਖਬਰ ਹੈ। ਵਿੱਤੀ ਸਾਲ ਮਾਰਚ 2025 ਦੇ ਅੰਤ ‘ਚ ਕੀਤੇ ਗਏ ਆਡਿਟ ਦੌਰਾਨ, ਕੰਪਨੀ ਨੂੰ ਇਸ ਘਟਨਾ ਦਾ ਪਤਾ ਚੱਲਿਆ ਹੈ। ਕੰਪਨੀ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਕੰਪਨੀ ਬੀਤੇ 5 ਸਾਲਾਂ ਦੀ ਮਿਆਦ ਵਿੱਚ 900 ਕਾਰਾਂ ਦੇ ਇੰਜਣ ਗੁਆ ਚੁੱਕੀ ਹੈ।
ਪੇਨੂਕੋਂਡਾ ਦੇ ਡੀਐਸਪੀ ਵਾਈ ਵੈਂਕਟੇਸ਼ਵਰੂਲੂ ਦਾ ਕਹਿਣਾ ਹੈ ਕਿ ਇਸ ਚੋਰੀ ਪਿੱਛੇ ਕੁਝ ਅੰਦਰੂਨੀ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਵਿਚਕਾਰ ਕੋਈ ਮਿਲੀਭੁਗਤ ਹੋ ਸਕਦੀ ਹੈ। ਇਹ ਚੋਰੀ, ਜਿਸ ਵਿੱਚ 900 ਕੀਆ ਕਾਰ ਇੰਜਣ ਸ਼ਾਮਲ ਸਨ, ਇੱਕ ਯੋਜਨਾਬੱਧ ਅਤੇ ਪੜਾਅਵਾਰ ਤਰੀਕੇ ਨਾਲ ਹੋਈ ਜਾਪਦੀ ਹੈ।
ਕੀਆ ਮੋਟਰਜ਼ ਇੰਡੀਆ ਦੇ ਐਮਡੀ ਅਤੇ ਸੀਈਓ ਗਵਾਂਗਗੂ ਲੀ ਨੇ 19 ਮਾਰਚ, 2025 ਨੂੰ ਪੇਨੁਕੋਂਡਾ ਇੰਡਸਟਰੀਅਲ ਅਸਟੇਟ ਪੁਲਿਸ ਕੋਲ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਐਸਪੀ, ਵੀ ਰਥਨਾ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਲਈ ਤਿੰਨ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ ਹਨ।