ਮਜਦੂਰ,ਕਿਸਾਨ,ਮੁਲਾਜ਼ਮ,ਦੁਕਾਨਦਾਰ,ਵਿਦਿਆਰਥੀ ਸੰਘਰਸ਼ ਕਮੇਟੀ
ਮਾਨਸਾ 10 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਅੱਜ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਤੋਂ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਮਾਨਸਾ ਤੱਕ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੀ ਮੈਨੇਜਮੈਂਟ ਦੀ ਅਰਥੀ ਸਾੜੀ ਗਈ।ਇਸ ਮੌਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਮੱਖਣ ਸਿੰਘ ਭੈਣੀ ਬਾਘਾ,ਦਰਸ਼ਨ ਸਿੰਘ,ਬਲਵਿੰਦਰ ਕੌਰ ਖਾਰਾ,ਰਾਜ ਅਕਲੀਆ,ਬਲਵਿੰਦਰ ਸਿੰਘ ਘਰਾਂਗਣਾ,ਅਮਰੀਕ ਸਿੰਘ ਫਫੜੇ ਭਾਈਕੇ,ਮਾਸਟਰ ਆਤਮਾ ਸਿੰਘ ਪਮਾਰ,ਗੁਰਸੇਵਕ ਮਾਨ,ਡਾਕਟਰ ਕੇਵਲ ਸਿੰਘ,ਕ੍ਰਿਸ਼ਨਾ ਕੌਰ ਮਾਨਸਾ,ਹਰਜਿੰਦਰ ਮਾਨਸ਼ਾਹੀਆ,ਸੁਖਜੀਤ ਰਾਮਾਨੰਦੀ,ਰਤਨ ਭੋਲਾ,ਭਜਨ ਸਿੰਘ ਘੁੰਮਣ ਕਲਾਂ,ਜਸਪਾਲ ਸਿੰਘ ਖੋਖਰ ਕਲਾਂ,ਦਲਜੀਤ ਸਿੰਘ ਮਾਨਸਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਸ਼ਹਿ ਤੇ ਅੰਨੀ ਲੁੱਟ ਮਚਾਉਣ ਵਾਲੀ ਮੈਨੇਜ਼ਮੈਂਟ ਅਧਿਆਪਕਾਂ ਤੇ ਤਸ਼ੱਦਦ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਜ਼ਬਰਦਸਤੀ ਸਕੂਲ ਵਿੱਚੋਂ ਬਾਹਰ ਕਰਕੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਦੇ ਰਾਹ ਪੈ ਗਈ ਹੈ। ਪੁਲਿਸ ਪ੍ਰਸ਼ਾਸਨ ਮੈਨੇਜਮੈਂਟ ਉੱਪਰ ਕਾਰਵਾਈ ਕਰਨ ਦੀ ਬਜਾਇ ਅਧਿਆਪਕਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਜੇਲੀਂ ਡੱਕਣ ਦੇ ਰਾਹ ਤੁਰ ਪਿਆ ਹੈ। ਇਸ ਹਰਕਤ ਨਾਲ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਸਾਹਮਣੇ ਆ ਰਿਹਾ ਹੈ ਅਤੇ ਪੰਜਾਬ ਦੇ ਸੰਘਰਸ਼ਸੀਲ ਲੋਕ ਇਸਦਾ ਡਟਕੇ ਵਿਰੋਧ ਕਰਨਗੇ।ਬੇਸ਼ੱਕ ਜਥੇਬੰਦੀਆਂ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਕੁਝ ਕੁ ਆਗੂਆਂ ਨੂੰ ਰਿਹਾ ਕਰ ਦਿੱਤਾ ਹੈ ਪਰ ਸੰਘਰਸ਼ ਮਾਮਲੇ ਦਾ ਹੱਲ ਨਾਂ ਹੋਣ ਤੱਕ ਜਾਰੀ ਰਹੇਗਾ। ਆਗੂਆਂ ਨੇ ਮੰਗ ਕੀਤੀ ਕਿ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਮੰਨਦਿਆਂ ਸਕੂਲ ਮੈਨੇਜਮੈਂਟ ਵਿੱਚੋਂ ਗੁਰਮੇਲ ਸਿੰਘ ਮਾਨਸਾ ਨੂੰ ਤੁਰੰਤ ਬਾਹਰ ਕੀਤਾ ਜਾਵੇ,ਸਕੂਲ ਨੂੰ ਸਰਕਾਰ ਆਪਣੇ ਹੱਥਾਂ ਵਿੱਚ ਲਵੇ,ਗ੍ਰਿਫਤਾਰ ਕੀਤੇ ਗਏ ਆਗੂਆਂ ਵਿੱਚੋਂ ਬਾਕੀ ਰਹਿ ਗਏ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ,ਮੈਨੇਜਮੈਂਟ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇ,ਸਕੂਲ ਦੇ ਬੱਚਿਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਸਕੂਲ ਵਿੱਚੋਂ ਬਾਹਰ ਕੀਤੇ ਗਏ ਅਧਿਆਪਕਾਂ ਨੂੰ ਦੁਬਾਰਾ ਬਹਾਲ ਕਰਵਾਇਆ ਜਾਵੇ ਅਤੇ ਨਿਯਮਾਂ ਮੁਤਾਬਕ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ।ਜੇਕਰ ਮਾਮਲੇ ਦਾ ਹੱਲ ਨਾਂ ਕੀਤਾ ਗਿਆ ਤਾਂ ਗੰਭੀਰਤਾ ਨਾਲ ਐਕਸ਼ਨ ਲੈਂਦਿਆਂ ਮੈਨੇਜਮੈਂਟ ਦੇ ਬਾਕੀ ਸਕੂਲਾਂ ਅਤੇ ਕਾਲਜਾਂ ਵਿੱਚ ਕੀਤੇ ਰਹੇ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ।