ਲੁਧਿਆਣਾ, 9 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਪੌਸ਼ ਇਲਾਕੇ ਮਾਡਲ ਟਾਊਨ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਪੜ੍ਹਦੀ ਬੀਬੀਏ ਵਿਦਿਆਰਥਣ ਨੇ ਅੱਜ ਬੁੱਧਵਾਰ ਸਵੇਰੇ ਕਾਲਜ ਦੇ ਕਲਾਸ ਰੂਮ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸ਼ੱਕੀ ਹਾਲਾਤਾਂ ‘ਚ ਖੁਦਕੁਸ਼ੀ ਕਰਨ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਦਿਆਰਥੀ ਦੇ ਦੋਸਤਾਂ ਨੇ ਅਧਿਆਪਕ ਨੂੰ ਸੂਚਿਤ ਕੀਤਾ। ਲੱਭਣ ‘ਤੇ ਉਸ ਦੀ ਲਾਸ਼ ਤੀਜੀ ਮੰਜ਼ਿਲ ‘ਤੇ ਕਲਾਸ ਰੂਮ ‘ਚ ਲਟਕਦੀ ਮਿਲੀ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਇਲਾਵਾ ਪੁਲੀਸ ਨੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਦੇ ਕੇ ਮੌਕੇ ’ਤੇ ਬੁਲਾਇਆ। ਮ੍ਰਿਤਕਾ ਦੀ ਪਛਾਣ ਜਸਪ੍ਰੀਤ ਕੌਰ (19) ਵਾਸੀ ਪਿੰਡ ਨੀਵੀਂ ਮੰਗਲੀ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
