ਸਿੱਖਿਆ ਕ੍ਰਾਂਤੀ ਦਾ ਅਸਲ ਸੱਚ,ਤੱਥਾਂ ਦੀ ਜ਼ੁਬਾਨੀ 

ਸਾਹਿਤ ਚੰਡੀਗੜ੍ਹ ਪੰਜਾਬ

ਸਿੱਖਿਆ ਕ੍ਰਾਂਤੀ ਦਾ ਅਸਲ ਸੱਚ,ਤੱਥਾਂ ਦੀ ਜ਼ੁਬਾਨੀ 

                        ————————

ਪੰਜਾਬ ਚ ਸਿੱਖਿਆ ਕ੍ਰਾਂਤੀ ਦਾ ਆਗਾਜ਼ ਲੰਘੀ 7 ਅਪ੍ਰੈਲ ਤੋਂ ਕੀਤਾ ਗਿਆ ਹੈ ਜੋ 31 ਮਈ 2025 ਤੱਕ ਚਲੇਗਾ।ਪ੍ਰੋਗਰਾਮਾ ਦੀਆਂ ਤਰੀਕਾਂ ਦੀਆਂ ਸੂਚੀਆਂ ਸਕੂਲ ਅਨੁਸਾਰ ਜਾਰੀ ਹੋ ਚੁੱਕੀਆਂ ਹਨ।ਇਸ ਪ੍ਰੋਗਰਾਮ ਮੁਤਾਬਕ ਸੂਬੇ ਦੇ ਲਗਭੱਗ ਦਸ ਹਜ਼ਾਰ ਦੇ ਕਰੀਬ ਸਕੂਲਾਂ ਦਾ ਵੱਖੋ ਵੱਖ ਦਿਨ ਉਦਘਾਟਨ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ।ਵਿਸ਼ੇਸ਼ ਗੱਲ ਇਹ ਕਿ ਇਸ ਪ੍ਰੋਗਰਾਮ ਦੌਰਾਨ ਲਾਏ ਜਾਣ ਵਾਲੇ ਨੀਂਹ ਪੱਥਰ ਉੱਤੇ ਜੋ ਸ਼ਬਦਾਵਲੀ ਲਿਖੀ ਜਾਣੀ ਹੈ ਉਸਦੀ ਸ਼ਬਦਾਵਲੀ ਵੀ ਇੱਕ ਹੀ ਹੈ।ਜਿਸ ਉੱਤੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਬੰਧਤ ਵਿਧਾਨ ਸਭਾ ਹਲਕੇ ਦੇ ਵਿਧਾਇਕ ਦਾ ਨਾਂ ਖੁਣਣ ਦੇ ਆਦੇਸ਼ ਹਨ।ਹਰ ਪੱਥਰ ਉੱਤੇ 4000 ਤੋਂ 5000 ਤੱਕ ਦਾ ਖ਼ਰਚਾ ਆਉਂਦਾ ਹੈ।ਫਿਰ ਇਹ ਵੀ ਸੁਨਣ ਚ ਆਇਆ ਹੈ ਕੇ ਜਿੱਥੇ ਦੋ ਕਮਰੇ ਹਨ ਉਥੇ ਦੋ ਨੀਂਹ ਪੱਥਰ ਬਨਵਾ ਕੇ ਲਾਉਣੇ ਹਨ।ਭਾਵ ਦੋ ਪੱਥਰਾਂ ਦਾ ਖਰਚ 8 ਹਜਾਰ ਤੋ 10ਹਜਾਰ ਲੱਗੇਗਾ।ਜਦ ਕੇ ਇਸ ਤੋਂ ਇਲਾਵਾ ਪ੍ਰੋਗਰਾਮ ਕਰਵਾਉਣ ਵਕਤ ਟੈਂਟ ਤੇ ਚਾਹ ਪਾਣੀ ਤੇ ਖਰਚ ਵੱਖਰਾ ਆਵੇਗਾ।ਨੀਂਹ ਪੱਥਰ ਦਾ ਉਦਘਾਟਨ ਹਲਕੇ ਦੇ ਐਮ ਐਲ ਏ ਦੁਆਰਾ ਕੀਤਾ ਜਾਵੇਗਾ ਤੇ ਨਾਲ ਹੀ ਸਿੱਖਿਆ ਅਧਿਕਾਰੀਆਂ ਦੀ ਟੀਮ ਵੀ ਉਥੇ ਮਜੂਦ ਹੋਵੇਗੀ।ਮੰਤਰੀਆਂ ਤੇ ਐਮਐਲਏਜ਼ ਵਲੋਂ ਉਦਘਾਟਨ ਕਰਨ ਨੂੰ ਅਸੀ ਗਲਤ ਨਹੀਂ ਕਹਿੰਦੇ ਪਰ ਇਕ ਗਿਣੀ ਮਿਥੀ ਨੀਤੀ ਤਹਿਤ ਸਿੱਖਿਆ ਦੇ ਕੰਮਾਂ ਦਾ ਲਾਹਾ ਲੈਣਾ ਠੀਕ ਨਹੀਂ ਹੈ।

     ਜੇ ਵੇਖਿਆ ਜਾਵੇ ਤਾਂ ਇਨਾਂ ਪ੍ਰੋਗਰਾਮਾਂ ਦਾ ਬੱਚਿਆਂ ਨੂੰ ਕੀ ਫਾਇਦਾ ਹੋਏਗਾ ? ਕੀ ਇਸ ਨਾਲ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ ਜੇ ਨਹੀਂ ਤਾ ਫਿਰ ਇੰਨਾ ਦਾ ਮਕਸਦ ਕੀ ਹੈ ?ਦੂਜੇ ਪਾਸੇ ਜੇ ਸਿਆਸੀ ਮਾਹਰਾਂ ਦੀ ਮੰਨੀਏ ਤਾਂ ਉਨਾਂ ਦਾ ਮੰਨਣਾ ਹੈ ਕਿ ਸਕੂਲਾਂ ਚ ਹੋਏ ਕੰਮਾਂ ਦਾ ਸਿਆਸੀ ਲਾਹਾ ਲੈਣ ਤੇ ਫੋਕੀ ਵਾਹ ਵਾਹਵਾ ਹਾਸਲ ਕਰਨ ਵਾਸਤੇ ਇਹ ਨੀਂਹ ਪੱਥਰ ਲਾ ਕੇ ਉਦਘਾਟਨ ਕਰਨ ਦਾ ਢੌਂਗ ਰਚਿਆ ਜਾ ਰਿਹਾ ਹੈ ਤਾਂ ਕੇ ਲੋਕਾਂ ਨੂੰ ਵਿਖਾਇਆ ਜਾ ਸਕੇ ਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ।ਉਨਾਂ ਦਾ ਮੰਨਣਾ ਹੈ ਕੇ ਨੀਂਹ ਪੱਥਰਾਂ ਦਾ ਇੱਕੋ ਇਕ ਮਕਸਦ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਹੈ।

     ਸਿੱਖਿਆ ਖੇਤਰ ਨਾਲ ਨੇੜਿਓਂ ਜੁੜੇ ਲੋਕਾਂ ਦਾ ਕਹਿਣਾ ਹੈ ਕੇ ਸਰਕਾਰ ਨੂੰ ਇਨਾਂ ਨੀਂਹ ਪੱਥਰਾਂ ਤੇ ਉਦਘਾਟਨਾਂ ਤੋਂ ਉੱਤੇ ਉਠ ਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਵੱਲ ਧਿਆਨ ਦੇਣ ਦੀ ਲੋੜ ਹੈ ਨਾ ਕੇ ਨੀਂਹ ਪੱਥਰਾਂ ਤੇ ਉਦਘਾਟਨਾਂ ਉੱਤੇ ਕਰੋੜਾਂ ਰੁਪਏ ਬੇ ਫ਼ਜ਼ੂਲ ਬਰਬਾਦ ਕਰਨ ਦੀ।ਉਨਾਂ ਦਾ ਕਹਿਣਾ ਹੈ ਕੇ ਜੇ ਸਿੱਖਿਆ ਦੇ ਖੇਤਰ ਚ ਚੰਗੇ ਕੰਮ ਹੋਣਗੇ ਤਾਂ ਲੋਕ ਖੁਦ ਬ ਖੁਦ ਇਨਾਂ ਦੀ ਪ੍ਰਸ਼ੰਸ਼ਾ ਕਰਨਗੇ।ਇਸ ਲਈ ਨੀਂਹ ਪੱਥਰ ਲਾ ਕੇ ਉਦਘਾਟਨਾਂ ਦੁਆਰਾ ਢੰਡੋਰਾ ਪਿੱਟਣ ਦੀ ਲੋੜ ਨਹੀਂ ਹੈ।

     ਸੂਬੇ ਅੰਦਰ ਮੰਤਰੀਆਂ ਤੇ ਵਧਾਇਕਾਂ ਵੱਲੋਂ ਪਹਿਲੇ ਦਿਨ 200 ਦੇ ਕਰੀਬ ਕੀਤੇ ਉਦਘਾਟਨਾਂ ਮੌਕੇ ਸਰਕਾਰ ਵੱਲੋਂ ਸਕੂਲਾਂ ਤੇ ਖਰਚ ਕੀਤੇ ਗਏ ਪੈਸੇ ਤੇ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਗਏ।ਪਰ ਦਾਅਵਿਆਂ ਦਾ ਅਸਲ ਸੱਚ ਕੀ ਹੈ ?ਇਸ ਨੂੰ ਲੈ ਕੇ ਬੁਧੀਜੀਵੀ ਤੇ ਮੰਤਰੀ ਸਾਹਿਬਾਨ ‘ਅੰਕੜੋ-ਅੰਕੜੀ’ ਹੋ ਗਏ ਹਨ। ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਸਿੱਖਿਆ ਕ੍ਰਾਂਤੀ ਦਾ ਸਭ ਤੋਂ ਕੋਰਾ ਝੂਠ ਸਰਕਾਰ ਦਾ ਇਹ ਦਾਅਵਾ ਹੈ ਕਿ ਸੂਬਾ ਸਰਕਾਰ ਨੇ ਹੁਣ ਤੱਕ 20 ਤੋਂ 30 ਹਜ਼ਾਰ ਅਧਿਆਪਕ ਭਰਤੀ ਕਰ ਦਿੱਤੇ ਹਨ।ਜਦ ਕਿ ਜੇ ਭਰਤੀ ਸੰਬੰਧੀ ਜਾਰੀ ਹੁਣ ਤੱਕ ਦੇ ਇਸ਼ਤਿਹਾਰਾਂ ਤੇ ਨਿਗ੍ਹਾ ਮਾਰੀ ਜਾਵੇ ਤਾਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਭਰਤੀ ਨਹੀਂ ਕੱਢੀ ਗਈ।ਸਗੋ ਪਿਛਲੀ ਕਾਂਗਰਸ ਸਰਕਾਰ ਵਲੋਂ ਕੱਢੀ ਭਰਤੀ ਨੂੰ ਹੀ ਆਪਣੀ ਭਾਰਤੀ ਦੱਸਿਆ ਜਾ ਰਿਹਾ ਹੈ।ਕਿਉਂਕਿ 4161 ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ 16/12/2021 ਨੂੰ ਜਾਰੀ ਹੋਇਆ ਸੀ ਤੇ ਨਿਯੁਕਤੀ ਪੱਤਰ 2022-23 ਨੂੰ ਵੰਡੇ ਗਏ।ਇਸੇ ਤਰਾਂ 6635 ਅਧਿਆਪਕ ਭਰਤੀ ਕੀਤੇ ਜਾਣ ਬਾਰੇ ਇਸ਼ਤਿਹਾਰ 30/07/2021 ਨੂੰ ਜਾਰੀ ਹੋਇਆ ਤੇ ਨਿਯੁਕਤੀ ਪੱਤਰ2022-23 ਤੇ 2364 ਅਧਿਆਪਕਾਂ ਨੂੰ ਭਾਰਤੀ ਕਰਨ ਦਾ ਇਸ਼ਤਿਹਾਰ ਮਿਤੀ 06/03/2020 ਤੇ ਨਿਯੁਕਤੀ ਪੱਤਰ ਮਾਰਚ 2025 ਨੂੰ ਦਿੱਤੇ ਗਏ।ਜਦ ਕੇ 5994 ਅਧਿਆਪਕ ਭਰਤੀ ਕਰਨ ਬਾਰੇ ਇਸ਼ਤਿਹਾਰ 16/12/2021 ਤੇ ਨਿਯੁਕਤੀ ਪੱਤਰ 1 ਅਪ੍ਰੈਲ 2025 ਨੂੰ ਦਿੱਤੇ ਗਏ।ਮਤਲਬ ਕਿ ਉਕਤ ਅਧਿਆਪਕਾਂ ਨੂੰ ਭਰਤੀ ਕਰਨ ਦੇ ਸਾਰੇ ਇਸ਼ਤਿਹਾਰ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਕੱਢੇ ਗਏ ਸਨ।ਇਸ ਤੋ ਇਲਾਵਾ 2000 ਪੀਟੀਆਈ ਹਾਲੇ ਵੀ ਲਟਕ ਰਹੇ ਤੇ ਹੁਣ ਇਹ ਕੋਰਟ ਕੇਸ ਦਾ ਬਹਾਨਾ ਲਗਾ ਕੇ ਇਹ 2021 ਵਾਲੀ ਭਰਤੀ ਵੀ ਆਪਣੀ ਦੱਸਣਗੇ।ਇਹਨਾਂ ਭਰਤੀਆਂ ਦੇ ਐਫ਼ੀਸ਼ਲੀ ਨੋਟੀਫਿਕੇਸ਼ਨ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਵੇਖੇ ਜਾ ਸਕਦੇ ਹਨ। ਜਿਸ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਇਹ ਭਰਤੀ ਪਹਿਲੀ ਵਾਰ ਕਦੋਂ ਆਈ ਸੀ ਤੇ ਕਦੋਂ ਇਸ ਵਿੱਚ ਸੋਧ ਕਰਕੇ ਇਹਨੂੰ ਅੱਗੇ ਕੀਤਾ ਤੇ ਆਪਣਾ ਠੱਪਾ ਲਾਇਆ। ਸੋ ਭਰਤੀ ਸੰਬੰਧੀ ਅੰਕੜੇ ਪਾਠਕਾਂ ਦੇ ਸਾਹਮਣੇ ਹਨ ।ਜਿਸ ਤੋ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਗਾਜ਼ ਦੌਰਾਨ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਕੀਤੇ ਦਾਅਵਿਆਂ ਦਾ ਅਸਲ ਸੱਚ ਸਾਫ਼ ਪਤਾ ਲੱਗਦਾ ਹੈ ।

     ਲੈਕਚਰਾਰ ਅਜੀਤ ਖੰਨਾ 

ਐਮਏ, ਐਮਫਿਲ ਐਮਜੇਐਮਸੀ ਬੀ ਐਡ 

ਮੋਬਾਈਲ : 76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।