ਬਰਨਾਲਾ, 8 ਅਪ੍ਰੈਲ,ਬੋਲੇ ਪੰਜਾਬ ਬਿਊਰੋ ;
ਬਰਨਾਲਾ ਦੇ ਧਨੌਲਾ ਕਸਬੇ ਵਿੱਚ ਆਯੋਜਿਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹਾਪੰਚਾਇਤ ਦੌਰਾਨ, ਸੰਯੁਕਤ ਕਿਸਾਨ ਮੋਰਚਾ ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਪੇਟ ਵਿੱਚ ਤੇਜ਼ ਦਰਦ ਹੋਣ ਕਰਕੇ ਉਨ੍ਹਾਂ ਨੂੰ ਤੁਰੰਤ ਬਰਨਾਲਾ-ਹੰਡਿਆਇਆ ਰੋਡ ਤੇ ਸਥਿਤ ਬੀਐਮਸੀ ਸੁਪਰਸਪੈਸ਼ਲਿਸਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਕਿਸਾਨ ਆਗੂ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੱਲੇਵਾਲ ਨੂੰ ਇੱਕ ਦਿਨ ਪਹਿਲਾਂ ਖੰਨਾ ਦੇ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ। ਉਥੋਂ ਸਿਧਾ ਉਹ ਧਨੌਲਾ ਪੁੱਜੇ ਸਨ, ਜਿੱਥੇ ਕਿਸਾਨ ਰੈਲੀ ਵਿੱਚ ਭਾਗ ਲੈਣ ਸਮੇਂ ਉਨ੍ਹਾਂ ਦੀ ਸਿਹਤ ਮੁੜ ਖਰਾਬ ਹੋ ਗਈ।
ਜਗਜੀਤ ਸਿੰਘ ਡੱਲੇਵਾਲ ਪਿਛਲੇ 132 ਦਿਨਾਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਸਨ, ਜਿਸ ਦੀ ਸਮਾਪਤੀ ਉਨ੍ਹਾਂ ਨੇ ਕੱਲ੍ਹ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਸੀ। ਹਸਪਤਾਲ ਦੇ ਮਾਹਿਰ ਡਾਕਟਰ ਐਮਡੀ ਈਸ਼ਾਨ ਬਾਂਸਲ ਨੇ ਦੱਸਿਆ ਕਿ ਹਾਲਾਂਕਿ ਡੱਲੇਵਾਲ ਦੀ ਹਾਲਤ ਸੰਵੇਦਨਸ਼ੀਲ ਹੈ, ਪਰ ਮਾਹਿਰਾਂ ਦੀ ਟੀਮ ਉਨ੍ਹਾਂ ਦੇ ਇਲਾਜ ਵਿੱਚ ਜੁਟੀ ਹੋਈ ਹੈ। ਉਨ੍ਹਾਂ ਦੀ ਸਿਹਤ ਦੀ ਚਿੰਤਾ ਕਰਦਿਆਂ ਪਰਿਵਾਰਕ ਮੈਂਬਰ ਤੇ ਹੋਰ ਕਿਸਾਨ ਆਗੂ ਵੀ ਹਸਪਤਾਲ ਪਹੁੰਚ ਗਏ ਹਨ।
