ਮਾਨਸਾ 7 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਬੀਤੇ ਦਿਨੀਂ ਕਾਂਗਰਸ ਸਰਕਾਰ ਵੱਲੋਂ ਹੈਦਰਾਬਾਦ ਵਿੱਚ ਮਲਟੀ ਨੈਸ਼ਨਲ ਕੰਪਨੀਆਂ ਨੂੰ ਜਮੀਨ ਐਕਵਾਇਰ ਕਰਵਾਉਣ ਦੇ ਮਕਸਦ ਨਾਲ 400 ਏਕੜ ਦੇ ਜੰਗਲ ਨੂੰ ਪੁੱਟਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜੇ ਸੀ ਬੀਆਂ ਚੜਾ ਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪਸ਼ੂ,ਪੰਛੀਆਂ ਅਤੇ ਜਾਨਵਰਾਂ ਦੇ ਘਰ ਨੂੰ ਉਜਾੜਨ ਦੇ ਨਾਲ ਨਾਲ ਜਾਨਵਰਾਂ ਦਾ ਜਾਨੀ ਮਾਲੀ ਨੁਕਸਾਨ ਵੀ ਕੀਤਾ ਹੈ। ਜੰਗਲ ਜਿਹੜੇ ਕਿ ਕੁਦਰਤ ਦੀ ਅਣਮੁੱਲੀ ਦਾਤ ਹੋਣ ਕਰਕੇ ਮਨੁੱਖੀ ਜੀਵਨ ਨੂੰ ਬਚਾਉਣ ਦੇ ਵਿੱਚ ਵੱਡਾ ਰੋਲ ਅਦਾ ਕਰਦੇ ਹਨ, ਕਿਉਂਕਿ ਸਾਨੂੰ ਕਈ ਕਿਸਮ ਦੀਆਂ ਜੜੀ ਬੂਟੀਆਂ ਜੰਗਲਾਂ ਤੋਂ ਪ੍ਰਾਪਤ ਹੁੰਦੀਆਂ ਹਨ, ਪਰ ਇੱਕ ਪਾਸੇ ਕਾਂਗਰਸ ਦੀ ਸਰਕਾਰ ਪੂਰੇ ਦੇਸ਼ ਵਿੱਚ ਬੀਜੇਪੀ ਵੱਲੋਂ ਮਚਾਈ ਜਾ ਰਹੀ ਤਬਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਹੈ ਅਤੇ ਦੂਸਰੇ ਪਾਸੇ ਖੁਦ ਦੀ ਸਰਕਾਰ ਵਾਲੇ ਸੂਬੇ ਵਿੱਚ ਪੂੰਜੀਪਤੀਆਂ ਦੀ ਹੱਥ ਠੋਕਾ ਬਣ ਕੇ ਕੁਦਰਤ ਨਾਲ ਵੱਡਾ ਖਿਲਵਾੜ ਕਰ ਰਹੀ ਹੈ। ਜੰਗਲ ਦੇ ਉਜਾੜੇ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਜੇਲਾਂ ਵਿੱਚ ਸੁੱਟ ਕੇ ਜੁਬਾਨਬੰਦੀ ਕੀਤੀ ਜਾ ਰਹੀ ਹੈ।ਅਜਿਹੀ ਮਨੁੱਖਤਾ ਅਤੇ ਕੁਦਰਤ ਵਿਰੋਧੀ ਨੀਤੀ ਨਾਲ ਕਾਂਗਰਸ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ ਅਤੇ ਕਾਂਗਰਸ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਜਰੂਰਤ ਹੈ,ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਵੱਲੋਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਹੈਦਰਾਬਾਦ ਦੇ ਜੰਗਲ ਨੂੰ ਉਜਾੜਨ ਦੀ ਨੀਤੀ ਵਾਪਸ ਲਈ ਜਾਵੇ,ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿ ਤੇ ਪਿੰਡ ਚਾਉਕੇ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਅੱਗੇ ਪਿਛਲੇ 70 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਸਹਿਯੋਗੀ ਜਥੇਬੰਦੀਆਂ ਦੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਮੰਨਦਿਆਂ ਭ੍ਰਿਸ਼ਟ ਸਕੂਲ ਦੀ ਮੈਨੇਜਮੈਂਟ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਲਈ ਵਰਤਣ ਦੀ ਨੀਤੀ ਵਾਪਸ ਲਈ ਜਾਵੇ। ਜੇਕਰ ਉਕਤ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।