ਬਿਕਰਮ ਮਜੀਠੀਆ ਦਾ ਮਨੋਬਲ ਡੇਗਣ ਲਈ ਰਾਜ ਸਰਕਾਰ ਨੇ ਸੁਰੱਖਿਆ ਵਾਪਸ ਲਈ-ਪੁਰਖਾਲਵੀ
ਮੁਹਾਲੀ 06 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
“ਪੰਜਾਬੀਆਂ ਦੀ ਸਿਰਮੌਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਭਾਰ ਤੋਂ ਚਿੰਤਤ ਤਮਾਮ ਪੰਥ ਤੇ ਸਿੱਖ ਵਿਰੋਧੀ ਤਾਕਤਾਂ ਕੇਂਦਰੀ ਅਤੇ ਰਾਜ ਅਜੈਂਸੀਆਂ ਰਾਹੀਂ ਪਾਰਟੀ ਦੀ ਧਾਰ ਨੂੰ ਖੁੰਡਾ ਕਰਨ ਲਈ ਆਪਣੇ ਕੋਝੇ ਹੱਥਕੰਡਿਆਂ ਨੂੰ ਲਗਾਤਾਰ ਅੰਜਾਮ ਦੇ ਰਹੀਆਂ ਹਨ ਅਤੇ ਬਿਕਰਮ ਮਜੀਠੀਆ ਦੀ ਸੁਰੱਖਿਆ ਵਾਪਸੀ ਵੀ ਇਸੇ ਲੜੀ ਦਾ ਹੀ ਹਿੱਸਾ ਹੈ, “ਇਹ ਪ੍ਰਗਟਾਵਾ ਸੀਨੀਅਰ ਅਕਾਲੀ ਅਤੇ ਦਲਿਤ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਸਥਾਨਕ ਚੋਣਵੇਂ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ ਕੀਤਾ।
ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਆਪਕ ਵਿਕਾਸ ਤੇ ਤਰੱਕੀ ਨੂੰ ਆਪਣੀਆਂ ਅੱਖਾਂ ਸਾਹਵੇਂ ਉਜੜਦਾ ਦੇਖਕੇ ਅਤੇ ਸਿੱਖ ਸੰਸਥਾਵਾਂ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਨਾਲ-ਨਾਲ ਪੰਜਾਬੀਆਂ ਦੀ ਨਿੱਤ ਦਿਨ ਲਹਿੰਦੀ ਦਸਤਾਰ ਸੰਬੰਧੀ ਬਿਕਰਮ ਮਜੀਠੀਆ ਵੱਲੋਂ ਚੁੱਕੀ ਜਾਂਦੀ ਬੁਲੰਦ ਆਵਾਜ਼ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਵਿਰੁੱਧ ਅਨੇਕਾਂ ਹੋਰ ਵੀ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੂੰ ਸਰਕਾਰੀ ਮੁਲਾਜ਼ਮ ਵੱਲੋਂ ਕਥਿਤ ਤੌਰ ਤੇ ਸ਼ਰ੍ਹੇਆਮ ਦਿੱਤੀਆਂ ਜਾ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਇਹ ਤਸਦੀਕ ਕਰਨ ਲਈ ਕਾਫ਼ੀ ਹਨ ਕਿ ਰਾਜ ਵਿੱਚ ਸਰਗਰਮ ਤਮਾਮ ਗੈਰਸਮਾਜਿਕ ਤੱਤਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਕੰਮਲ ਤੌਰ ਤੇ ਸਰਪ੍ਰਸਤੀ ਹਾਸਲ ਐ ਜਿਹੜਾ ਕਿ ਰਾਜ ਦੇ ਭਾਈਚਾਰਕ ਮਾਹੌਲ ਅਤੇ ਭਵਿੱਖ ਨੂੰ ਲਾਂਬੂ ਲਾਉਣ ਲਈ ਸਹਾਇਕ ਸਿੱਧ ਹੋਵੇਗਾ।
ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਪਾਰਟੀ ਨੂੰ ਮਿਲ ਰਹੇ ਭਾਰੀ ਸਮਰਥਨ ਦੀ ਬਦੌਲਤ ਪਾਰਟੀ ਪ੍ਰਧਾਨ ਦੀ ਚੋਣ ਦਾ ਅਮਲ ਨਿਰੰਤਰ ਜਾਰੀ ਹੈ ਜਿਸ ਦੇ ਪੂਰਾ ਹੋਣ ਉਪਰੰਤ ਤਮਾਮ ਪੰਜਾਬ ਅਤੇ ਪੰਥਕ ਹਿਤੈਸ਼ੀ ਲੋਕ ਮੌਜੂਦਾ ਲਾਰੇਬਾਜ ਸਰਕਾਰ ਦੀਆਂ ਨਾਕਾਮੀਆਂ ਦਾ ਪਰਦਾਫਾਸ਼ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰ ਦੇਣਗੇ।
ਇਸ ਮੌਕੇ ਉਨ੍ਹਾਂ ਨਾਲ ਰਮਨਦੀਪ ਸਿੰਘ ਬਾਵਾ, ਡਾ: ਹਰਪ੍ਰੀਤ ਸਿੰਘ ਮੌਜਪੁਰ, ਨੰਬਰਦਾਰ ਹਰਿੰਦਰ ਸਿੰਘ ਸੁੱਖਗੜ੍ਹ, ਅਜੀਤ ਸਿੰਘ ਮਟੌਰ, ਸੋਹਣ ਸਿੰਘ ਜੁਝਾਰ ਨਗਰ, ਗੁਰਜੰਟ ਸਿੰਘ ਮੁਹਾਲੀ, ਗੁਰਵਿੰਦਰ ਸਿੰਘ ਸ਼ੰਭੂ ਅਤੇ ਦੀਦਾਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਸਿੰਘ ਸਭਾ ਮੁਹਾਲੀ ਹਾਜ਼ਰ ਸਨ।