ਕਾਰਪੋਰੇਟ ਫਾਸ਼ੀਵਾਦ ਨੂੰ ਹਰਾਉਣ ਲਈ ਸਾਰੀਆਂ ਜਮਹੂਰੀ ਤੇ ਤਰੱਕੀ ਪਸੰਦ ਸ਼ਕਤੀਆਂ ਨੂੰ ਇਕਜੁੱਟ ਕਰਨ ਦੀ ਜ਼ਰੂਰਤ – ਕਾਮਰੇਡ ਖਟਕੜ
ਵਕਫ਼ ਐਕਟ ਵਿੱਚ ਸੋਧਾਂ ਅਤੇ ਤੇਲਗੂ ਕਵਿੱਤਰੀ ਰੇਣੁਕਾ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਨਿੰਦਾ
ਮਾਨਸਾ, 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਜੁਝਾਰਵਾਦੀ ਕਵਿਤਾ ਦੇ ਸਿਰਮੌਰ ਹਸਤਾਖ਼ਰ ਅਤੇ ਕਮਿਉਨਿਸਟ ਇਨਕਲਾਬੀ ਲਹਿਰ ਦੇ ਉੱਘੇ ਆਗੂ ਕਾਮਰੇਡ ਦਰਸ਼ਨ ਖਟਕੜ ਨਾਲ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਇਕ ਭਰਵੀਂ ਵਿਚਾਰ ਚਰਚਾ ਜਥੇਬੰਦ ਕੀਤੀ ਗਈ।
ਇਸ ਸਮਾਗਮ ਦੀ ਪ੍ਰਧਾਨਗੀ ਮੈਡਮ ਮਨਜੀਤ ਕੌਰ ਔਲਖ, ਕਾਮਰੇਡ ਨਛੱਤਰ ਸਿੰਘ ਖੀਵਾ, ਓਮ ਪ੍ਰਕਾਸ਼ ਸਰਦੂਲਗੜ੍ਹ, ਬਲਵਿੰਦਰ ਕੌਰ ਖਾਰਾ ਅਤੇ ਡਾਕਟਰ ਗੁਰਚਰਨ ਸਿੰਘ ਰਾਏਕੋਟ ‘ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਅਪਣੇ ਸੰਬੋਧਨ ਵਿਚ ਕਾਮਰੇਡ ਦਰਸ਼ਨ ਖਟਕੜ ਨੇ ਕਿਹਾ ਕਿ ਮਾਰਕਸਵਾਦ ਇਕ ਅਜਿਹੀ ਵਿਚਾਰਧਾਰਾ ਹੈ ਜੋ ਮੁਸ਼ਕਿਲ ਤੋਂ ਮੁਸ਼ਕਿਲ ਹਾਲਤਾਂ ਵਿੱਚ ਵੀ ਹੱਕੀ ਜਦੋਜਹਿਦਾਂ ਨੂੰ ਅੱਗੇ ਵਧਾਉਣ ਦਾ ਰਸਤਾ ਕੱਢ ਲੈਂਦੀ ਹੈ। ਅੱਜ ਇਸ ਵਿਚਾਰਧਾਰਾ ਦੀ ਸੇਧ ਵਿੱਚ ਕਾਰਪੋਰੇਟ ਫਾਸ਼ੀਵਾਦ ਖ਼ਿਲਾਫ਼ ਲਗਾਤਾਰ ਲੜਾਈ ਨੂੰ ਵਿਆਪਕ ਅਧਾਰ ਦੇਣ ਅਤੇ ਸਾਰੀਆਂ ਤਰੱਕੀ ਪਸੰਦ ਸ਼ਕਤੀਆਂ ਨੂੰ ਇਕਜੁੱਟ ਕਰਨ ਦੀ ਜ਼ਰੂਰਤ ਹੈ। ਸਾਮਰਾਜਵਾਦ ਦੇ ਆਪਣੇ ਅੰਦਰੂਨੀ ਸੰਕਟ ਹੁਣ ਮੁੜ ਤਿੱਖੇ ਹੋ ਚੁੱਕੇ ਹਨ, ਡੌਨਲਡ ਟਰੰਪ ਵਲੋਂ ਸ਼ੁਰੂ ਕੀਤੀ ਟਰੇਡ ਵਾਰ ਇਸੇ ਸੰਕਟ ਦਾ ਸੂਚਕ ਹੈ। ਸਮਾਗਮ ਦੇ ਆਰੰਭ ਵਿੱਚ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਸਭ ਨੂੰ ਜੀ ਆਇਆਂ ਕਿਹਾ। ਕਾਮਰੇਡ ਸੁਖਦਰਸ਼ਨ ਨੱਤ ਨੇ ਪ੍ਰੋਗਰਾਮ ਦੀ ਰੂਪਰੇਖਾ ਦੱਸੀ ਅਤੇ ਅਜਿਹੇ ਸਮਾਗਮਾਂ ਦੀ ਲੋੜ ਅਤੇ ਭੂਮਿਕਾ ਬਾਰੇ ਚਰਚਾ ਕੀਤੀ।

ਉੱਘੇ ਕਹਾਣੀਕਾਰ ਅਜਮੇਰ ਸਿੱਧੂ ਨੇ ਸੰਵਾਦ ਨੂੰ ਅੱਗੇ ਤੋਰਦਿਆਂ ਦਰਸ਼ਨ ਖਟਕੜ ਦੇ ਜੀਵਨ ਦੇ ਪਹਿਲੂਆਂ ‘ਤੇ ਦਿਲਚਸਪ ਢੰਗ ਨਾਲ ਚਾਨਣਾ ਪਾਇਆ। ਸਰੋਕਾਰ ਮੈਗਜ਼ੀਨ ਦੇ ਸੰਪਾਦਕ ਸੁਖਵਿੰਦਰ ਪੱਪੀ ਨੇ ਕਾਮਰੇਡ ਦੀ ਜ਼ਿੰਦਗੀ ਦੇ ਨਿੱਜੀ ਦੁਖਾਂਤਾਂ ਅਤੇ ਉਨ੍ਹਾਂ ਦੇ ਅਡੋਲ ਹੌਸਲੇ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਦੀ ਪਤਨੀ ਅਤੇ ਬੇਟੇ ਦੇ ਦੁਖਦਾਈ ਚਲਾਣੇ ਦੇ ਬਾਵਜੂਦ ਉਹਨਾਂ ਨੇ ਲਹਿਰ ਵਿੱਚ ਆਪਣੇ ਆਪ ਨੂੰ ਸਾਬਤ ਕਦਮੀਂ ਤੁਰਦੇ ਰੱਖਿਆ। ਡਾਕਟਰ ਅਰਵਿੰਦਰ ਕੌਰ ਕਾਕੜਾ ਨੇ ਉਹਨਾਂ ਦੇ ਬੇਟੇ ਦੀ ਇਕ ਸੜਕ ਹਾਦਸੇ ਵਿੱਚ ਅਚਾਨਕ ਹੋਈ ਦੁਖਦਾਈ ਮੌਤ ਸਮੇਂ ਦਾ ਮਾਰਮਿਕ ਵਰਨਣ ਕੀਤਾ। ਸਾਬਕਾ ਵਿਦਿਆਰਥੀ ਆਗੂ ਅਜਾਇਬ ਸਿੰਘ ਟਿਵਾਣਾ ਨੇ ਸਮੁੱਚੇ ਦਰਸ਼ਕਾਂ ਅਤੇ ਮੰਚ ਵਲੋਂ ਸਾਂਝੇ ਰੂਪ ਵਿਚ ਮੰਗ ਰੱਖੀ ਕਿ ਕਾਮਰੇਡ ਖਟਕੜ ਅਪਣੀਆਂ ਯਾਦਾਂ ਅਤੇ ਇਨਕਲਾਬੀ ਲਹਿਰ ਦਾ ਇਤਿਹਾਸ ਜ਼ਰੂਰ ਲਿਖ਼ਣ। ਇਸ ਦੇ ਜਵਾਬ ਵਿਚ ਕਾਮਰੇਡ ਖਟਕੜ ਨੇ ਛੇਤੀ ਹੀ ਪੰਜਾਬ ਵਿੱਚ ਕਮਿਊਨਿਸਟ ਲਹਿਰ ਦੇ ਇਤਿਹਾਸ ਤੇ ਕੰਮ ਸ਼ੁਰੂ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਅਤੇ ਬਾਬਾ ਬੂਝਾ ਸਿੰਘ ਯਾਦਗਾਰ ਟਰੱਸਟ ਵਲੋਂ ਕਾਮਰੇਡ ਖਟਕੜ ਦਾ ਸਨਮਾਨ ਵੀ ਕੀਤਾ ਗਿਆ।
ਸਮਾਗਮ ਵਿੱਚ ਉੱਘੀ ਤੇਲਗੂ ਕਵਿੱਤਰੀ ਅਤੇ ਕਹਾਣੀਕਾਰਾ ਕਾਮਰੇਡ ਰੇਣੁਕਾ – ਜਿੰਨਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਮਾਰ ਦਿੱਤਾ ਗਿਆ – ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਮੋਦੀ ਸਰਕਾਰ ਵਲੋਂ ਵਕਫ਼ ਐਕਟ ਵਿੱਚ ਕੀਤੀਆਂ ਮਨਮਾਨੀਆਂ ਸੋਧਾਂ ਬਾਰੇ ਨਿਖੇਧੀ ਦਾ ਮਤਾ ਵੀ ਪਾਸ ਕੀਤਾ ਗਿਆ। ਅੰਤ ਵਿੱਚ ਸਾਬਕਾ ਅਧਿਆਪਕ ਆਗੂ ਓਮ ਪ੍ਰਕਾਸ਼ ਸਰਦੂਲਗੜ੍ਹ ਨੇ ਸਮੂਹ ਮਹਿਮਾਨਾਂ, ਸਰੋਤਿਆਂ ਅਤੇ ਦੂਰ ਦੂਰ ਤੋਂ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਰਾਜਵਿੰਦਰ ਮੀਰ ਨੇ ਬਾਖੂਬੀ ਨਿਭਾਈ। ਵਿਚਾਰ ਚਰਚਾ ਸਮਾਗਮ ਦਾ ਸਮੁੱਚਾ ਪ੍ਰਬੰਧ ਅਮੋਲਕ ਡੇਲੂਆਣਾ, ਰਾਜਵਿੰਦਰ ਮੀਰ, ਜਸਪਾਲ ਖੋਖਰ, ਕੁਲਵਿੰਦਰ ਬੱਛੋਆਣਾ, ਓਮ ਪ੍ਰਕਾਸ਼ ਸਰਦੂਲਗੜ੍ਹ, ਸਿਕੰਦਰ ਸਿੰਘ ਘਰਾਂਗਣਾਂ, ਹਰਗਿਆਨ ਢਿੱਲੋਂ, ਜਸਬੀਰ ਕੌਰ ਨੱਤ ਗੁਰਪਿਆਰ ਕੋਟਲੀ, ਜਸਬੀਰ ਭੰਮੇ ਅਤੇ ਅਮਨਦੀਪ ਸਿੰਘ ਉਤੇ ਅਧਾਰਤ ਟੀਮ ਨੇ ਕੀਤਾ।