ਭਿੱਖੀਵਿੰਡ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਾੜੀ ਗੌੜ ਸਿੰਘ ’ਚੋਂ ਲਾਪਤਾ ਹੋਏ 9 ਸਾਲਾ ਗੁਰਪਿਆਰ ਸਿੰਘ ਪੁੱਤਰ ਗੁਰਮੁੱਖ ਸਿੰਘ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ ਹੈ।ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਗੁਰਮੁੱਖ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਮਾੜੀ ਗੌੜ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਸਾਬਕਾ ਸਰਪੰਚ ਨਾਲ ਸੀਰੀ ਹੈ ਤੇ ਉਸਦੀ ਪਤਨੀ ਸਰਬਜੀਤ ਕੌਰ ਪਿੰਡ ’ਚ ਹੀ ਫੈਕਟਰੀ ’ਚ ਕੰਮ ਕਰਦੀ ਹੈ। ਉਹ ਦੋਵੇਂ ਸਵੇਰੇ ਕੰਮਾਂ ’ਤੇ ਚਲੇ ਜਾਂਦੇ ਹਨ। 2 ਅਪ੍ਰੈਲ ਨੂੰ ਉਸਦਾ ਪੁੱਤਰ ਗੁਰਪਿਆਰ ਸਿੰਘ ਬੱਚਿਆਂ ਨਾਲ ਖੇਡਣ ਲਈ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਸ਼ਾਮ ਕਰੀਬ 4 ਵਜੇ ਉਸਦੀ ਪਤਨੀ ਨੇ ਫੋਨ ਕਰਕੇ ਗੁਰਪਿਆਰ ਦੇ ਘਰ ਨਾ ਪਰਤਣ ਦੀ ਜਾਣਕਾਰੀ ਦਿੱਤੀ। ਉਹ ਪਤਨੀ ਸਮੇਤ ਬੱਚੇ ਭਾਲ ’ਚ ਲੱਗ ਗਿਆ। ਇਸੇ ਦੌਰਾਨ ਉਨ੍ਹਾਂ ਦੀ ਗਵਾਂਢਣ ਕੁਲਵਿੰਦਰ ਕੌਰ ਭੋਲੀ ਪਤਨੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਲੜਕੇ ਗੁਰਪਿਆਰ ਸਿੰਘ ਨੂੰ ਮੋਟਰਸਾਈਕਲ ’ਤੇ ਭਗਵਾਨਪੁਰ ਵੱਲ ਲੈ ਕੇ ਗਏ ਹਨ।
ਗੁਰਮੁੱਖ ਸਿੰਘ, ਬੱਚੇ ਦੀ ਮਾਂ ਸਰਬਜੀਤ ਕੌਰ ਤੇ ਦਾਦੀ ਕਸ਼ਮੀਰ ਕੌਰ ਨੇ ਦੱਸਿਆ ਕਿ ਗੁਰਪਿਆਰ ਸਿੰਘ ਘਰ ਦੇ ਗੇਟ ਅੱਗੇ ਖੜ੍ਹਾ ਸੀ ਤੇ ਕੁਝ ਸਮੇਂ ਬਾਅਦ ਹੀ ਲਾਪਤਾ ਹੋ ਗਿਆ। ਅੱਜ ਗੁਰਪਿਆਰ ਸਿੰਘ ਦੀ ਸ਼ੱਕੀ ਹਾਲਾਤ ’ਚ ਲਾਸ਼ ਬਰਾਮਦ ਹੋਈ ਹੈ। ਬੱਚੇ ਦੀ ਮਾਂ ਸਰਬਜੀਤ ਕੌਰ ਨੇ ਕਿਹਾ ਕਿ ਉਸਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਮੌਕੇ ’ਤੇ ਪਹੁੰਚੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਬੱਚੇ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ।ਪੁਲਸ ਵੱਲੋਂ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਗਿਆ ਹੈ ਤੇ ਬੱਚੇ ਦੇ ਅਗਵਾ ਹੋਣ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਫਿਰ ਵੀ ਪਰਿਵਾਰ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਵਿਰੁੱਧ ਅਗਵਾ ਦਾ ਕੇਸ ਦਰਜ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਬੱਚੇ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਜਿਸ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
