ਬਠਿੰਡਾ, 5 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਤਾਜ਼ਾ ਘਟਨਾ ਬਠਿੰਡਾ ਦੇ ਥਾਣਾ ਸਿਵਲ ਲਾਈਨ ਏਰੀਆ ਤੋਂ ਸਾਹਮਣੇ ਆਈ ਹੈ।
ਜਿੱਥੇ ਪੁਲਿਸ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਚਿੱਟੇ ਨਾਲ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਸਿਵਲ ਲਾਈਨ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਕਾ ਲਗਾ ਕੇ ਸ਼ੱਕੀ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਸੀ।ਇਸ ਦੌਰਾਨ ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਬਲਜਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਜਦੋਂ ਸ਼ੱਕ ਦੇ ਆਧਾਰ ‘ਤੇ ਚੈੱਕ ਕੀਤਾ ਗਿਆ ਤਾਂ ਉਹਨਾਂ ਪਾਸੋਂ 16.07 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਦੋਨੇ ਨੌਜਵਾਨਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਬਲਜਿੰਦਰ ਸਿੰਘ ਜਿਮ ਟ੍ਰੇਨਰ ਹੈ ਅਤੇ ਖਿਡਾਰੀ ਵੀ ਹੈ। ਲਵਪ੍ਰੀਤ ਸਿੰਘ ਵੱਲੋਂ ਬਠਿੰਡਾ ਵਿੱਚ ਪੜ੍ਹਾਈ ਕੀਤੀ ਜਾ ਰਹੀ ਸੀ, ਲਵਪ੍ਰੀਤ ਸਿੰਘ ਨਸ਼ੇ ਕਰਨ ਦਾ ਆਦੀ ਹੈ ਅਤੇ ਬਲਜਿੰਦਰ ਸਿੰਘ ਨਾਲ ਚਿੱਟਾ ਲਿਆ ਕੇ ਪੀਂਦਾ ਤੇ ਵੇਚਦਾ ਸੀ। ਉਹਨਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਇਹ ਨਸ਼ਾ ਕਿੱਥੋਂ ਲਿਆਂਦਾ ਅਤੇ ਕਿਸ ਨੂੰ ਇਹ ਨਸ਼ਾ ਸਪਲਾਈ ਕਰਨਾ ਸੀ।
