ਬਰਨਾਲਾ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਸਖ਼ਤ ਕਾਰਵਾਈ ਜਾਰੀ ਹੈ। ਇਸੇ ਲੜੀ ਨੂੰ ਜਾਰੀ ਰੱਖਦਿਆਂ, ਬਰਨਾਲਾ ਦੇ ਪਿੰਡ ਹੰਡਿਆਇਆ ’ਚ ਦੋ ਨਸ਼ਾ ਤਸਕਰ ਭਰਾਵਾਂ ਦੀ ਨਾਜਾਇਜ਼ ਜਾਇਦਾਦ ਨੂੰ ਪੁਲਿਸ ਨੇ ਬੁਲਡੋਜ਼ਰ ਰਾਹੀਂ ਢਾਹ ਦਿੱਤਾ।
ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਦੋਵੇਂ ਭਰਾ ਮੋਹਣੀ ਸਿੰਘ ਅਤੇ ਚਮਕੌਰ ਸਿੰਘ ਉਰਫ਼ ਤਿੱਤਰ ਕਈ ਨਸ਼ਾ ਸੰਬੰਧੀ ਮਾਮਲਿਆਂ ’ਚ ਫੜੇ ਜਾ ਚੁੱਕੇ ਹਨ। ਮੋਹਣੀ ਸਿੰਘ ਖ਼ਿਲਾਫ਼ 10 ਤੋਂ ਵੱਧ ਅਤੇ ਉਸ ਦੇ ਭਰਾ ਚਮਕੌਰ ਖ਼ਿਲਾਫ਼ 7 ਤੋਂ ਵੱਧ ਪਰਚੇ ਦਰਜ ਹਨ। ਇਨ੍ਹਾਂ ਨੇ ਨਗਰ ਕੌਂਸਲ ਦੀ ਜ਼ਮੀਨ ’ਤੇ ਗੈਰਕਾਨੂੰਨੀ ਢੰਗ ਨਾਲ ਮਕਾਨ ਬਣਾਇਆ ਹੋਇਆ ਸੀ।
ਪੁਲਿਸ ਨੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀ ਨਾਜਾਇਜ਼ ਸੰਪਤੀ ਨੂੰ ਢਾਹ ਕੇ ਨਸ਼ਿਆਂ ਵਿਰੁਧ ਮੁਹਿੰਮ ਨੂੰ ਹੋਰ ਸਖਤੀ ਦੇਣ ਦੀ ਕੋਸ਼ਿਸ਼ ਕੀਤੀ ਹੈ।
