ਸਮਰਾਲਾ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ਫਰੀ ਕਰ ਦਿੱਤਾ ਗਿਆ। ਦਰਅਸਲ ਸਮਰਾਲਾ ਵਾਸੀਆਂ ਨੂੰ ਟੋਲ ਪਲਾਜ਼ਾ ਤੋਂ ਲੰਘਣ ਲਈ ਪਾਸ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਸਬੰਧੀ ਸਮਰਾਲਾ ਵਾਸੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਅਤੇ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੁੱਕਰਵਾਰ ਦੁਪਹਿਰ ਨੂੰ ਘੁਲਾਲ ਟੋਲ ਪਲਾਜ਼ਾ ‘ਤੇ ਪਹੁੰਚ ਕੇ ਪਲਾਜ਼ਾ ਟੀਮ ਨਾਲ ਗੱਲਬਾਤ ਕਰਕੇ ਟੋਲ ਪਲਾਜ਼ਾ ਨੂੰ ਮੁੜ ਸਮਰਾਲਾ ਵਾਸੀਆਂ ਲਈ ਫ੍ਰੀ ਕਰਵਾਇਆ।
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਜਦੋਂ ਇੱਕ ਵਿਅਕਤੀ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਟੋਲ ਪਲਾਜ਼ਾ ਦੀ ਸਮੱਸਿਆ ਬਾਰੇ ਦੱਸ ਰਿਹਾ ਸੀ ਤਾਂ ਉਨ੍ਹਾਂ ਨੇ ਤੁਰੰਤ ਉਸ ਵਿਅਕਤੀ ਦਾ ਨੰਬਰ ਲੈ ਕੇ ਉਸ ਨੂੰ ਉੱਥੇ ਹੀ ਇੰਤਜ਼ਾਰ ਕਰਨ ਲਈ ਕਿਹਾ ਅਤੇ ਵਿਧਾਇਕ ਖੁਦ ਤੁਰੰਤ ਟੋਲ ਪਲਾਜ਼ਾ ‘ਤੇ ਪਹੁੰਚ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਘੁਲਾਲ ਟੋਲ ਪਲਾਜ਼ਾ ‘ਤੇ 1 ਅਪ੍ਰੈਲ ਤੋਂ ਸਮਰਾਲਾ ਵਾਸੀਆਂ ਨੂੰ ਟੋਲ ਪਲਾਜ਼ਾ ਤੋਂ ਲੰਘਣ ਲਈ ਪੈਸੇ ਦੇਣੇ ਪੈ ਰਹੇ ਹਨ ਅਤੇ ਪਲਾਜ਼ਾ ਟੀਮ ਸਮਰਾਲਾ ਵਾਸੀਆਂ ‘ਤੇ ਜ਼ਬਰਦਸਤੀ ਪਾਸ ਬਣਾਉਣ ਲਈ ਦਬਾਅ ਪਾ ਰਹੀ ਹੈ।ਇਸ ਲਈ ਉਨ੍ਹਾਂ ਨੇ ਪਲਾਜ਼ਾ ਨੂੰ ਦੁਬਾਰਾ ਮੁਫ਼ਤ ਕਰਵਾ ਦਿੱਤਾ।
ਸਮਰਾਲਾ ਇਲਾਕਾ ਨਿਵਾਸੀਆਂ ਨੂੰ ਜਦੋਂ ਪਤਾ ਲੱਗਾ ਕਿ ਘੁਲਾਲ ਟੋਲ ਪਲਾਜ਼ਾ ਦੁਬਾਰਾ ਫਰੀ ਹੋ ਗਿਆ ਹੈ ਤਾਂ ਵਿਧਾਇਕ ਦਾ ਧੰਨਵਾਦ ਕਰਨ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ। ਇਸ ਮੌਕੇ ਨਵਜੀਤ ਸਿੰਘ ਓਟਾਲਾ, ਮਾਰਕੀਟ ਕਮੇਟੀ ਮਾਛੀਵਾੜਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਓਟਾਲਾ, ਰਣਧੀਰ ਸਿੰਘ, ਜੱਸਾ ਸਿੰਘ ਮਾਂਗਟ, ਗੁਰਪ੍ਰੀਤ ਸਿੰਘ ਗੋਪਨ ਆਦਿ ਹਾਜ਼ਰ ਸਨ।
