ਹੁਸ਼ਿਆਰਪੁਰ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਟਾਂਡਾ-ਹੁਸ਼ਿਆਰਪੁਰ ਰੋਡ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਥੇ ਮੋਟਰਸਾਈਕਲ ਸਵਾਰ ਜੋੜੇ ਦੀ ਜਾਨ ਚਲੀ ਗਈ। ਇਹ ਹਾਦਸਾ ਨੈਣੋਵਾਲ ਵੈਦ ਦੇ ਪੈਟਰੋਲ ਪੰਪ ਦੇ ਨੇੜੇ ਉਦੋਂ ਵਾਪਰਿਆ, ਜਦੋਂ ਉਹ ਦੋਵੇਂ ਪੈਟਰੋਲ ਪੰਪ ਵੱਲ ਮੁੜ ਰਹੇ ਸਨ।
ਮੁਰਾਦਪੁਰ ਨਰੀਆਲ ਵਾਸੀ ਹਰਜਿੰਦਰ ਸਿੰਘ ਪ੍ਰਿੰਸ ਅਤੇ ਉਸ ਦੀ ਪਤਨੀ ਰੇਖਾ ਰਾਣੀ ਦੀ ਮੌਤ ਉਸ ਵੇਲੇ ਹੋ ਗਈ ਜਦੋਂ ਇੱਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰੀ।
ਜਿਵੇਂ ਹੀ ਹਾਦਸੇ ਦੀ ਸੂਚਨਾ ਮਿਲੀ, ਬੂਰੇ ਰਾਜਪੂਤਾਂ ਦੇ ਸਰਪੰਚ ਜੋਗਾ ਸਿੰਘ ਦੀ ਅਗਵਾਈ ਹੇਠ ਸ਼੍ਰੀ ਗੁਰੂ ਨਾਨਕ ਚੈਰੀਟੇਬਲ ਸੇਵਾ ਸੋਸਾਇਟੀ ਦੀ ਟੀਮ ਮੌਕੇ ’ਤੇ ਪੁੱਜੀ। ਦੋਵਾਂ ਨੂੰ ਤੁਰੰਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ।
