ਫ਼ਿਰੋਜ਼ਪੁਰ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪੁਲੀਸ ਨੇ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਅਸ਼ੀਸ਼ ਸ਼ਰਮਾ ਵਾਸੀ ਤੂੜੀ ਬਾਜ਼ਾਰ ਨੂੰ ਫੋਨ ਕਰਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਐਸਐਸਪੀ ਭੁਪਿੰਦਰ ਸਿੰਘ ਅਨੁਸਾਰ ਅਸ਼ੀਸ਼ ਸ਼ਰਮਾ ਨੇ ਬਿਆਨ ਦਿੱਤਾ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਸਨ, ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦੋਸ਼ੀ ਵੱਲੋਂ ਫੋਨ ਕਰਨ ਤੋਂ ਬਾਅਦ ਉਸ ਨੂੰ ਵਟਸਐਪ ਕਾਲਾਂ ਰਾਹੀਂ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਅਤੇ ਇਸ ਕਾਰਨ ਉਸ ਨੇ ਪੁਲਸ ਨੂੰ ਸੂਚਿਤ ਕੀਤਾ।
ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀਆਈਏ ਸਟਾਫ਼ ਦੇ ਮੁਖੀ ਮੋਹਿਤ ਧਵਨ ਦੀ ਅਗਵਾਈ ਵਿੱਚ ਟੀਮ ਬਣਾਈ ਗਈ ਸੀ, ਜਿਸ ਨੇ ਤਕਨੀਕੀ ਸੂਤਰਾਂ ਦੀ ਮਦਦ ਨਾਲ ਮਾਮਲੇ ਨੂੰ ਸੁਲਝਾ ਲਿਆ ਅਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਚਮਕੌਰ ਸਿੰਘ ਵਾਸੀ ਭਾਨ ਸਿੰਘ ਕਲੋਨੀ ਫ਼ਰੀਦਕੋਟ, ਕਰਨਦੀਪ ਸ਼ਰਮਾ ਵਾਸੀ ਤਿੱਬੜ ਜ਼ਿਲ੍ਹਾ ਗੁਰਦਾਸਪੁਰ ਅਤੇ ਪਲਵਿੰਦਰ ਸਿੰਘ ਵਾਸੀ ਬਸਤੀ ਭੱਟਿਆਂਵਾਲੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਬਰੇਜ਼ਾ ਕਾਰ, ਇੱਕ ਨਕਲੀ ਪਿਸਤੌਲ ਅਤੇ ਕਿਸੇ ਕੋਲੋਂ ਖੋਹਿਆ ਇੱਕ ਫ਼ੋਨ ਬਰਾਮਦ ਕੀਤਾ ਹੈ, ਇਸ ਫ਼ੋਨ ਤੋਂ ਉਹ ਲੋਕਾਂ ਨੂੰ ਫ਼ੋਨ ਕਰਕੇ ਫਿਰੌਤੀ ਮੰਗਦੇ ਸਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਦਰਜ ਹੈ।
