ਲੁਧਿਆਣਾ, 4 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਬਹਾਦਰਕੇ ਰੋਡ ਤੋਂ ਗਗਨਦੀਪ ਕਲੋਨੀ ਨੂੰ ਜਾਂਦੀ ਸੜਕ ’ਤੇ ਸੀਵਰੇਜ ਦੀ ਸਫ਼ਾਈ ਲਈ ਸੀਵਰੇਜ ਦਾ ਢੱਕਣ ਖੋਲ੍ਹਿਆ ਹੋਇਆ ਸੀ, ਜਿਸ ਕਾਰਨ ਮੋਟਰਸਾਈਕਲ ਸਵਾਰ ਹਰਭਜਨ ਰਾਮ ਉਮਰ 60 ਸਾਲ ਵਾਸੀ ਬਹਾਦਰਪੁਰ ਉਕਤ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ ‘ਚ ਉਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹਰਭਜਨ ਰਾਮ ਦੀ ਪੀਜੀਆਈ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਹਰਭਜਨ ਰਾਮ ਦੇ ਭਤੀਜੇ ਹਰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਸੜਕ ’ਤੇ ਪੈਂਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸੀਵਰੇਜ ਦੀ ਸਫਾਈ ਲਈ ਢੱਕਣ ਉਤਾਰ ਦਿੱਤੇ ਹਨ। ਕਈ ਵਾਰ ਇਨ੍ਹਾਂ ਸੀਵਰੇਜ ਦੇ ਢੱਕਣਾਂ ਨੂੰ ਚੁੱਕਣ ਕਾਰਨ ਲੋਕ ਜ਼ਖ਼ਮੀ ਹੋ ਚੁੱਕੇ ਹਨ। ਪਰ ਕਿਸੇ ਵੀ ਪੰਚਾਇਤ ਵੱਲੋਂ ਇਨ੍ਹਾਂ ਸੀਵਰੇਜ ਦੀਆਂ ਡਿੱਕੀਆਂ ਨੂੰ ਸੀਵਰੇਜ ਦੇ ਉੱਪਰ ਰੱਖਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ, ਜਿਸ ਕਾਰਨ ਉਸ ਦੇ ਚਾਚਾ ਹਰਭਜਨ ਰਾਮ ਦੀ ਇਸ ਖੁੱਲ੍ਹੇ ਗਟਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਹਰਦੀਪ ਕੁਮਾਰ ਨੇ ਦੱਸਿਆ ਕਿ ਪੀਜੀਆਈ ਨੇ ਇਸ ਸਬੰਧੀ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
