ਘੱਟ ਗਿਣਤੀ ਭਾਈਚਾਰਿਆਂ ਵਿਚ ਬੇਭਰੋਸਗੀ, ਬੇਗਾਨਗੀ ਅਤੇ ਅਸੁਰੱਖਿਆ ਦੀ ਭਾਵਨਾ ਵਧੇਗੀ: ਬਲਬੀਰ ਸਿੰਘ ਸਿੱਧੂ
ਐਸ.ਏ.ਐਸ. ਨਗਰ, 3 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਵਕਫ਼ ਕਾਨੂੰਨ ਵਿਚ ਕੀਤੀਆਂ ਸੋਧਾਂ ਨੂੰ ਗੈਰ-ਸੰਵਿਧਾਨਕ ਤੇ ਗੈਰ-ਜਮਹੂਰੀ ਕਰਾਰ ਦਿੰਦਿਆਂ ਕਿਹਾ ਇਸ ਨਾਲ ਨਾ ਸਿਰਫ਼ ਮੁਸਲਿਮ ਬਲਕਿ ਮੁਲਕ ਦੇ ਸਾਰੇ ਘੱਟ ਗਿਣਤੀ ਭਾਈਚਾਰਿਆਂ ਵਿਚ ਬੇਭਰੋਸਗੀ, ਬੇਗਾਨਗੀ ਅਤੇ ਅਸੁਰੱਖਿਆ ਦੀ ਭਾਵਨਾ ਵਧੇਗੀ ਜਿਸ ਨਾਲ ਦੇਸ਼ ਵਿਚ ਭਾਈਚਾਰਕ ਸਾਂਝ ਦੀ ਥਾਂ ਨਫ਼ਰਤ ਪੈਦਾ ਹੋਵੇਗੀ।
ਸਿੱਧੂ ਨੇ ਅੱਜ ਇਥੇ ਜਾਰੀ ਕੀਤੇ ਗਏ ਆਪਣੇ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਮੁਲਕ ਦਾ ਸੰਵਿਧਾਨ ਹਰ ਧਾਰਮਿਕ ਭਾਈਚਾਰੇ ਨੂੰ ਆਪਣੇ ਧਾਰਮਿਕ ਅਸਥਾਨਾਂ ਅਤੇ ਇਸ ਨਾਲ ਜੁੜੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਕਰਨ ਦਾ ਅਧਿਕਾਰ ਦਿੰਦਾ ਹੈ ਜਿਸ ਨੂੰ ਮੋਦੀ ਸਰਕਾਰ ਨੇ ਵਕਫ਼ ਬੋਰਡਾਂ ਵਿਚ ਗੈਰ-ਮੁਸਲਿਮ ਮੈਂਬਰਾਂ ਦੀ ਨਾਮਜ਼ਾਦਗੀ ਦਾ ਰਾਹ ਖੋਲ੍ਹ ਕੇ ਖੋਹ ਲਿਆ ਹੈ। ਉਹਨਾਂ ਕਿਹਾ ਕਿ ਇਹਨਾਂ ਸੋਧਾਂ ਵਕਫ ਬੋਰਡਾਂ ਦੀਆਂ ਸੰਸਥਾਵਾਂ ਦੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰ ਕੇ ਇਸ ਵਿਚ ਸਰਕਾਰੀ ਦਖਲਅੰਦਾਜ਼ੀ ਨੂੰ ਵਧਾਉਣਗੀਆਂ ਜਿਸ ਨਾਲ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਜਾਇਦਾਦਾਂ ਦੀ ਦੁਰਵਰਤੋਂ ਦਾ ਰਾਹ ਖੁੱਲੇਗਾ।
ਉਹਨਾਂ ਅੱਗੇ ਕਿਹਾ ਕਿ ਸਰਕਾਰੀ ਦਖ਼ਲਅੰਦਾਜੀ ਵਧਣ ਨਾਲ ਵਕਫ ਸਰਕਾਰ ਉਤੇ ਕਾਬਜ਼ ਧਿਰ ਬੋਰਡਾਂ ਵਿਚ ਨਿਯੁਕਤੀਆਂ ਯੋਗਤਾ ਦੀ ਬਜਾਏ ਰਾਜਨੀਤਿਕ ਵਫ਼ਾਦਾਰੀ ਦੇ ਆਧਾਰ ‘ਤੇ ਕਰਨਗੀਆਂ ਜਿਸ ਨਾਲ ਇਹਨਾਂ ਜਾਇਦਾਦਾਂ ਦੀ ਵਰਤੋਂ ਮੁਸਲਿਮ ਭਾਈਚਾਰੇ ਦੀ ਭਲਾਈ ਦੀ ਥਾਂ ਸਿਆਸੀ ਮੁਫ਼ਾਦਾਂ ਲਈ ਕੀਤੀ ਜਾਵੇਗੀ।
ਕਾਂਗਰਸੀ ਆਗੂ ਨੇ ਕਿਹਾ ਸਰਕਾਰ ਵਲੋਂ ਕੀਤੀਆਂ ਗਈਆਂ ਸੋਧਾਂ ਵਿਚਲੇ ਕੁਝ ਪ੍ਰਬੰਧ ਇਸ ਤਰ੍ਹਾਂ ਦੇ ਹਨ ਕਿ ਇਹ ਵਕਫ਼ ਬੋਰਡਾਂ ਦੀਆਂ ਜਾਇਦਾਦਾਂ ਉਤੇ ਕਬਜ਼ਾ ਕਰਨ ਅਤੇ ਪਹਿਲਾਂ ਹੋਏ ਕਬਜ਼ਿਆਂ ਨੂੰ ਪੱਕਾ ਕਰਨ ਵਿਚ ਸਹਾਈ ਹੋਣਗੇ। ਉਹਨਾਂ ਕਿਹਾ ਕਿ ਕੁਝ ਸੋਧਾਂ ਨਾਲ ਵਕਫ ਟ੍ਰਿਬਿਊਨਲਾਂ ਦੀ ਭੂਮਿਕਾ ਘੱਟ ਕਰ ਕੇ ਜਾਇਦਾਦਾਂ ਦੇ ਝਗੜਿਆਂ ਦੇ ਨਿਪਟਾਰੇ ਲਈ ਸਿਵਲ ਅਦਾਲਤਾਂ ਨੂੰ ਵਧੇਰੇ ਅਧਿਕਾਰ ਮਿਲ ਗਏ ਹਨ ਜਿਸ ਨਾਲ ਨਿਆਂ ਵਿੱਚ ਦੇਰੀ ਅਤੇ ਵਕਫ ਨਾਲ ਜੁੜੇ ਝਗੜਿਆਂ ਵਿੱਚ ਹੋਰ ਪੇਚੀਦਗੀਆਂ ਪੈਦਾ ਹੋਣਗੀਆਂ ਹਨ।
ਸਿੱਧੂ ਨੇ ਸਰਕਾਰ ‘ਤੇ ਤੰਜ ਕਸਦਿਆਂ ਕਿਹਾ, “ਸਰਕਾਰ ਨੇ ਇਹ ਸੋਧਾਂ ਕਰਨ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਧਾਰਮਿਕ ਨੇਤਾਵਾਂ, ਕਾਨੂੰਨੀ ਮਾਹਿਰਾਂ ਅਤੇ ਕੌਮੀ ਨੁਮਾਇੰਦਿਆ ਨਾਲ ਢੁਕਵਾਂ ਸਲਾਹ-ਮਸ਼ਵਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਪਾਰਲੀਮੈਂਟ ਦੀ ਸਾਂਝੀ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ਇਹਨਾਂ ਸੋਧਾਂ ਉਤੇ ਢੁਕਵਾਂ ਵਿਚਾਰ ਵਟਾਂਦਰਾ ਨਹੀਂ ਹੋਣ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਦਾ ਇਕੋ ਇਕੋ ਮਕਸਦ ਇਹ ਹੈ ਕਿ ਇਕ ਮੁਸਲਿਮ ਭਾਈਚਾਰੇ ਵਿਰੁੱਧ ਕਾਨੂੰਨ ਬਣਾ ਕੇ ਦੇਸ਼ ਦੀ ਬਹੁਗਿਣਤੀ ਨੂੰ ਖੁਸ਼ ਕਰ ਕੇ ਉਹਨਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ। ਉਹਨਾਂ ਅੱਗੇ ਕਿਹਾ ਕਿ ਅਜਿਹਾ ਕਰ ਕੇ ਭਾਰਤੀ ਜਨਤਾ ਪਾਰਟੀ ਅੱਗ ਨਾਲ ਖੇਡ ਰਹੀ ਹੈ।”