ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ ਸਮੂਹ ਸਾਹਿਤਕ ਪ੍ਰੇਮੀਆਂ ਨੂੰ ਪਹੁੰਚਣ ਦਾ ਸੱਦਾ
ਮਾਨਸਾ, 2 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵਲੋਂ 6 ਅਪਰੈਲ ਨੂੰ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ‘ਸ਼ਾਇਰੀ ਤੇ ਸਿਆਸਤ ਸੰਗ ਸੰਵਾਦ’ ਤਹਿਤ ਉਘੇ ਇਨਕਲਾਬੀ ਆਗੂ ਅਤੇ ਸ਼ਾਇਰ ਦਰਸ਼ਨ ਖਟਕੜ ਨਾਲ ਮਿਲਣੀ ਰੱਖੀ ਗਈ ਹੈ।
ਸਵੇਰੇ ਦਸ ਵਜੇ ਸ਼ੁਰੂ ਹੋਣ ਵਾਲੇ ਇਸ ਸਾਹਿਤਕ ਸਮਾਗਮ ਵਿੱਚ ਜਾਣੇ ਪਛਾਣੇ ਕਹਾਣੀਕਾਰ ਅਜਮੇਰ ਸਿੱਧੂ ਕਾਮਰੇਡ ਖਟਕੜ ਦੇ ਜੀਵਨ ਬਾਰੇ ਮੁੱਢਲੀ ਜਾਣਕਾਰੀ ਦੇਣਗੇ। ਦਰਸ਼ਨ ਖਟਕੜ ਅਪਣੇ ਲੰਬੇ ਇਨਕਲਾਬੀ ਸਫ਼ਰ ਤੇ ਕਾਵਿਕ ਸਿਰਜਣਾ ਬਾਰੇ ਸਰੋਤਿਆਂ ਨਾਲ ਚਰਚਾ ਕਰਨਗੇ। ਸਾਬਕਾ ਵਿਦਿਆਰਥੀ ਆਗੂ ਅਜਾਇਬ ਸਿੰਘ ਟਿਵਾਣਾ, ਸਰੋਕਾਰ ਪਰਚੇ ਦੇ ਸੰਪਾਦਕ ਸੁਖਵਿੰਦਰ ਪੱਪੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਾਬਕਾ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਤੇ ਅਰਵਿੰਦਰ ਕੌਰ ਕਾਕੜਾ ਸਮੇਤ ਹੋਰ ਸਰੋਤੇ ਕਾਮਰੇਡ ਖਟਕੜ ਦੇ ਜੀਵਨ ਤੇ ਕਵਿਤਾ ਬਾਰੇ ਅਪਣੇ ਪ੍ਰਭਾਵ ਸਾਂਝੇ ਕਰਨਗੇ।
ਰੈਡੀਕਲ ਫੋਰਮ ਤੇ ਜੁਟਾਨ ਵਲੋਂ ਸਾਹਿਤਕ ਰੁਚੀਆਂ ਵਾਲੇ ਸਮੂਹ ਸਰੋਤਿਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।