ਬਠਿੰਡਾ, 2 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਬੀਤੀ ਦੇਰ ਰਾਤ ਪਰਸਰਾਮ ਨਗਰ ਓਵਰਬ੍ਰਿਜ ਤੋਂ ਹੇਠਾਂ ਸੜਕ ’ਤੇ ਡਿੱਗਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਕਰਾਸਿੰਗ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਦੇਰ ਰਾਤ ਘਰ ਪਰਤ ਰਹੇ ਸਨ। ਇਸ ਦੌਰਾਨ ਉਹ ਦੋਵੇਂ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਤੇ ਸੰਦੀਪ ਸਿੰਘ ਗਿੱਲ ਆਦਿ ਤੁਰੰਤ ਮੌਕੇ ‘ਤੇ ਪਹੁੰਚ ਗਏ। ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਪਤਾ ਲੱਗਾ ਹੈ ਕਿ ਓਵਰਬ੍ਰਿਜ ‘ਤੇ ਜਾਂਦੇ ਸਮੇਂ ਨੌਜਵਾਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਪੁਲ ਦੇ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਾਰਨ ਦੋਵੇਂ ਨੌਜਵਾਨ ਪੁਲ ਦੇ ਹੇਠਾਂ ਡਿੱਗ ਗਏ। ਪੁਲੀਸ ਕਾਰਵਾਈ ਤੋਂ ਬਾਅਦ ਜਨ ਸੇਵਾ ਦੇ ਮੈਂਬਰਾਂ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਤੀਰਾਂਸ਼ੂ (22) ਵਾਸੀ ਪਰਸ ਰਾਮ ਨਗਰ ਅਤੇ ਸ਼ਿਵਾ (22) ਵਾਸੀ ਜੋਗੀ ਨਗਰ ਵਜੋਂ ਹੋਈ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।
