ਚੰਡੀਗੜ੍ਹ, 2 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੰਜਾਬ ‘ਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਵਿੱਚ ਦੋ ਹਫ਼ਤੇ ਦੀ ਦੇਰੀ ਹੋਣ ਦੀ ਉਮੀਦ ਹੈ। ਹਾਲਾਂਕਿ ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ ਖ਼ਰੀਦ ਆਰੰਭ ਕਰਨ ਦਾ ਐਲਾਨ ਕੀਤਾ ਸੀ। 1864 ਖ਼ਰੀਦ ਕੇਂਦਰ ਵੀ ਤਿਆਰ ਹਨ, ਪਰ ਮੰਡੀਆਂ ‘ਚ ਫ਼ਸਲ ਨਹੀਂ ਪਹੁੰਚੀ। ਖੇਤਾਂ ‘ਚ ਕਣਕ ਪੱਕਣ ਲਈ ਹਾਲੇ ਸਮਾਂ ਲੱਗੇਗਾ, ਜਿਸ ਕਾਰਨ 13 ਅਪ੍ਰੈਲ, ਵਿਸਾਖੀ ਤੋਂ ਪਹਿਲਾਂ ਵੱਡੀ ਪੱਧਰ ਉਤੇ ਖ਼ਰੀਦ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ।
ਪੰਜਾਬ ਦੀਆਂ ਮੰਡੀਆਂ, ਜਿੱਥੇ ਕੱਲ੍ਹ ਤੋਂ ਖ਼ਰੀਦ ਸ਼ੁਰੂ ਹੋਣੀ ਸੀ, ਉਹਨਾਂ ‘ਚ ਸੁੰਨ ਪਸਰੀ ਰਹੀ। ਖ਼ਰੀਦ ਅਧਿਕਾਰੀ ਆਪਣੀਆਂ ਟੀਮਾਂ ਸਮੇਤ ਤਿਆਰ ਬੈਠੇ ਰਹੇ, ਪਰ ਫ਼ਸਲ ਨਾ ਆਉਣ ਕਾਰਨ ਖ਼ਰੀਦ ਦੀ ਪ੍ਰਕਿਰਿਆ ਅੱਗੇ ਨਹੀਂ ਵਧ ਸਕੀ। ਏਸ਼ੀਆ ਦੀ ਸਭ ਤੋਂ ਵੱਡੀ ਖੰਨਾ ਅਨਾਜ ਮੰਡੀ ਵਿਚ ਵੀ ਕਣਕ ਨਹੀਂ ਪਹੁੰਚੀ।
ਕਣਕ ਪੱਕਣ ‘ਚ ਹੋ ਰਹੀ ਦੇਰੀ ਦਾ ਮੁੱਖ ਕਾਰਣ ਮੌਸਮ ਵਿੱਚ ਆਇਆ ਬਦਲਾਅ ਹੈ। ਕੁਝ ਹਫ਼ਤੇ ਪਹਿਲਾਂ ਤਕ ਮੌਸਮ ਠੰਢਾ ਰਿਹਾ, ਜਿਸ ਕਾਰਨ ਕਣਕ ਪੱਕਣ ਦੀ ਗਤੀ ਹੌਲੀ ਰਹੀ। ਹਾਲੇ ਵੀ ਖੇਤਾਂ ‘ਚ ਕਣਕ ਨਮੀ ਵਾਲੀ ਹੈ। ਮੰਡੀ ਅਧਿਕਾਰੀਆਂ ਮੁਤਾਬਕ, ਨਮੀ ਵਧੀ ਹੋਈ ਹੋਣ ਕਰਕੇ ਹਾਲੇ ਕਟਾਈ ਸ਼ੁਰੂ ਕਰਨੀ ਢੁੱਕਵੀਂ ਨਹੀਂ।
ਕਿਸਾਨ ਅਜੇ ਵੀ ਆਪਣੀ ਫ਼ਸਲ ਨੂੰ ਕਟਾਈ-ਯੋਗ ਬਣਾਉਣ ਦੀ ਉਡੀਕ ‘ਚ ਹਨ। ਸਰਕਾਰ ਨੇ ਖ਼ਰੀਦ ਲਈ 28 ਹਜ਼ਾਰ ਕਰੋੜ ਰੁਪਏ ਦੀ ਨਕਦ ਉਪਲਬਧ ਕਰਵਾਈ ਹੈ ਅਤੇ ਖ਼ਰੀਦ ਕੇਂਦਰ ਤਿਆਰ ਹਨ, ਪਰ ਖੇਤਾਂ ‘ਚ ਫ਼ਸਲ ਹਰੀ ਹੋਣ ਕਰਕੇ ਕਿਸਾਨ ਹਾਲੇ ਫਸਲ ਵੱਢ ਕੇ ਮੰਡੀ ਲਿਆਉਣ ਦੀ ਸਥਿਤੀ ‘ਚ ਨਹੀਂ ਹਨ।
ਮੰਡੀ ਅਧਿਕਾਰੀਆਂ ਦਾ ਮੰਨਣਾ ਹੈ ਕਿ 13 ਅਪ੍ਰੈਲ, ਵਿਸਾਖੀ ਤੋਂ ਬਾਅਦ ਹੀ ਕਣਕ ਦੀ ਵੱਡੇ ਪੱਧਰ ਉਤੇ ਆਮਦ ਹੋ ਸਕਦੀ ਹੈ।
