ਲੁਧਿਆਣਾ, 1 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਘਰ ’ਚ ਗਊ ਮਾਸ ਕੱਟ ਕੇ ਉਸ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੌਕੇ ਤੋਂ ਮੁਲਜ਼ਮ ਦੇ ਟੈਂਪੂ ’ਚੋਂ 3 ਕੁਇੰਟਲ ਗਊ ਮਾਸ ਵੀ ਬਰਾਮਦ ਕੀਤਾ ਗਿਆ। ਥਾਣਾ ਬਸਤੀ ਜੋਧੇਵਾਲ ’ਚ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਜਾਰੀ ਹੈ। ਮੁਲਜ਼ਮ ਦਾ ਨਾਂ ਸ਼ਿਮਲਾ ਕਾਲੋਨੀ ਕਾਕੋਵਾਲ ਰੋਡ ਵਾਸੀ ਮੁਹੰਮਦ ਮਨਜ਼ੂਰ ਹੈ। ਪੁਲਿਸ ਨੇ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਇੰਨੀ ਭਾਰੀ ਮਾਤਰਾ ’ਚ ਗਊ ਮਾਸ ਕਿੱਥੋਂ ਲਿਆਉਂਦਾ ਸੀ ਤੇ ਕਿਨ੍ਹਾਂ ਲੋਕਾਂ ਨੂੰ ਸਪਲਾਈ ਕਰਦਾ ਸੀ, ਜੇਕਰ ਇਸ ਮਾਮਲੇ ’ਚ ਹੋਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਥਾਣਾ ਬਸਤੀ ਜੋਧੇਵਾਲ ਦੇ ਐੱਸਐੱਚਓ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਕਾਕੋਵਾਲ ਰੋਡ, ਸ਼ਿਮਲਾ ਕਾਲੋਨੀ ਦਾ ਇਕ ਮੁਲਜ਼ਮ ਆਪਣੇ ਘਰ ’ਚ ਗਊ ਮਾਸ ਕੱਟ ਕੇ ਉਸ ਨੂੰ ਪੈਕ ਕਰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਟੈਂਪੂ ਛੋਟੇ ਹਾਥੀ ਰਾਹੀਂ ਦੁਕਾਨਾਂ ਤੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਮੌਕੇ ’ਤੇ ਜਾ ਕੇ ਛਾਪੇਮਾਰੀ ਕੀਤੀ, ਜਿਸ ਦੌਰਾਨ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਜਦੋਂ ਪੁਲਿਸ ਟੀਮ ਨੇ ਉਸ ਦੇ ਟੈਂਪੂ ਦੀ ਤਲਾਸ਼ੀ ਲਈ ਤਾਂ ਉਸ ’ਚੋਂ 3 ਕੁਇੰਟਲ ਗਊ ਮਾਸ ਬਰਾਮਦ ਹੋਇਆ।
