ਕਪੂਰਥਲਾ, 1 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਕਪੂਰਥਲਾ ਥਾਣਾ ਸਦਰ ਦੀ ਪੁਲਿਸ ਹਿਰਾਸਤ ਵਿੱਚ ਇੱਕ ਐਨਡੀਪੀਐਸ ਮੁਲਜ਼ਮ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਰਾਤ ਕਰੀਬ ਸਾਢੇ ਤਿੰਨ ਵਜੇ ਮੁਲਜ਼ਮ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਲਿਆਂਦਾ ਗਿਆ। ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੀ ਨਿਆਂਇਕ ਜਾਂਚ ਵੀ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਡੀਐਸਪੀ ਸਬ ਡਵੀਜ਼ਨ ਦੀਪਕਰਨ ਸਿੰਘ ਨੇ ਦਿੱਤੀ। ਜਾਣਕਾਰੀ ਅਨੁਸਾਰ ਭੁਲਾਣਾ ਚੌਕੀ ਪੁਲਸ ਨੇ ਪਿੰਡ ਸੈਦੋ ਭੁਲਾਣਾ ਦੇ ਰਹਿਣ ਵਾਲੇ ਇਕ ਨੌਜਵਾਨ ਵਿਨੋਦ ਕੁਮਾਰ ਪੁੱਤਰ ਮੇਲਾਰਾਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 5.89 ਗ੍ਰਾਮ ਹੈਰੋਇਨ ਅਤੇ 25 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਜਿਸ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਵਿੱਚ FIR ਨੰ. 70 ਦਰਜ ਕਰ ਲਈ ਸੀ।ਇਸ ਤੋਂ ਬਾਅਦ ਮੁਲਜ਼ਮ ਨੂੰ 31 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਇੱਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਸੀ।
ਡੀਐਸਪੀ ਦੀਪਕਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 3:30 ਵਜੇ ਮੁਲਜ਼ਮ ਵਿਨੋਦ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ। ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀਐਸਪੀ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਵਿਨੋਦ ਕੁਮਾਰ ਦੇ ਪਰਿਵਾਰ ਨੂੰ ਸਦਰ ਥਾਣੇ ਵਿੱਚ ਲੱਗੇ ਸਰਕਾਰੀ ਸੀਸੀਟੀਵੀ ਕੈਮਰੇ ਦੀ ਜਾਂਚ ਵੀ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾ ਰਹੀ ਹੈ। ਜੱਜ ਭਾਵਨਾ ਭਾਰਤੀ (ਜੇਐਮਆਈਸੀ) ਦੀ ਨਿਗਰਾਨੀ ਹੇਠ ਡਾਕਟਰਾਂ ਦੇ ਬੋਰਡ ਦੁਆਰਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
