ਨਾਰੀ ਪ੍ਰਤੀ ਸੋਚ ਚ ਬਦਲਾਅ ਦੀ ਲੋੜ
———————————————————
ਪੁਰਾਣੇ ਸਮਿਆਂ ਚ ਧੀਆਂ ਨੂੰ ਧੀ ਧਿਆਨੀ ਕਿਹਾ ਜਾਂਦਾ ਸੀ।।ਉਦੋ ਧੀਆਂ ਨੂੰ ਵਿਚਾਰੀ ਕਹਿ ਕੇ ਤਰਸ ਦੀ ਪਾਤਰ ਸਮਝਿਆ ਜਾਂਦਾ ਸੀ।ਪਰ ਅੱਜ ਵਕਤ ਬਦਲ ਗਿਆ ਹੈ।ਵਕਤ ਦੇ ਬਦਲਣ ਨਾਲ ਆਦਮੀ ਦੀ ਸੋਚ ਚ ਵੀ ਬਦਲਾਅ ਆਇਆ ਹੈ।ਇਸ ਕਰਕੇ ਅੱਜਕਲ ਮੁੰਡਿਆਂ ਵਾਂਗ ਕੁੜੀਆਂ ਦੀ ਵੀ ਲੋਹੜੀ ਮਨਾਉਣ ਦਾ ਰਿਵਾਜ ਜੋਰ ਫੜਨ ਲੱਗਾ ਹੈ ਤੇ ਫੜਨਾ ਵੀ ਚਾਹੀਦਾ ਹੈ।ਅਜੋਕੇ ਯੁੱਗ ਚ ਕੁੜੀਆਂ ਅਸਮਾਨ ਨੂੰ ਛੋਹ ਗਈਆਂ ਹਨ।ਉਹ ਤਰੱਕੀ ਦੀਆਂ ਪੁਲਾਂਗਾਂ ਪੁੱਟਦੇ ਹੋਏ ਮੁੰਡਿਆਂ ਨੂੰ ਹਰ ਖੇਤਰ ਚ ਪਛਾੜ ਰਹੀਆਂ ਹਨ।ਫਿਰ ਭਾਂਵੇ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਖੇਡਾਂ ਦਾ ਤੇ ਜਾਂ ਫਿਰ ਰਾਜਨੀਤੀ ਦਾ।ਕੁੜੀਆਂ ਦੀ ਹਰ ਪਾਸੇ ਬੱਲੇ ! ਬੱਲੇ ਹੈ।ਪਰ ਇਸ ਦੇ ਬਾਵਜੂਦ ਕੁੱਝ ਲੋਕਾ ਦੀ ਅੱਜ ਵੀ ਇਹੋ ਸੋਚ ਹੈ ਕੇ ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖੋ।ਜੋ ਗਲਤ ਹੈ।
ਸਾਡੇ ਗੁਰੂ ਸਾਹਿਬਾਨ ਨੇ ਔਰਤ ਨੂੰ ਬਹੁਤ ਉੱਚਾ ਰੁਤਬਾ ਬਖ਼ਸ਼ਿਆ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਾਣ ਸਨਮਾਨ ਦਿੰਦਿਆਂ ਆਖਿਆ ਹੈ ;
“ਸੋ ਕਿਉਂ ਮੰਦਾ ਆਖਿਆ ,ਜਿੱਤ ਜੰਮੇ ਰਾਜਨ”
ਕਹਿਣ ਦਾ ਭਾਵ ਕੇ ਔਰਤ ਜੱਗ ਦੀ ਜਨਨੀ ਹੈ।ਇਸ ਵਾਸਤੇ ਉਸ ਨੂੰ ਸਤਕਾਰ ਦੇਣਾ ਸਾਡਾ ਫਰਜ਼ ਹੈ।ਉਸ ਨੂੰ ਮੰਦਾ ਚੰਗਾ ਨਹੀਂ ਬੋਲਣਾ ਚਾਹੀਦਾ।ਉਹ ਗੁਰੂਆਂ ਪੀਰਾ ਨੂੰ ਜਨਮ ਦਿੰਦੀ ਹੈ।ਇਸ ਲਈ ਔਰਤ ਨੂੰ ਸਤਕਾਰ ਦੇਣਾ ਚਾਹੀਦਾ ਹੈ।ਪਰ ਦੂਜੇ ਪਾਸੇ ਦੇਸ਼ ਅੰਦਰ ਔਰਤਾਂ ਤੇ ਹੋ ਰਹੇ ਜ਼ੁਲਮ ਬੰਦੇ ਦੀ ਕਮਜ਼ੋਰ ਮਾਨਸਕਤਾ ਦਾ ਪਰਗਟਾਵਾ ਕਰਦੇ ਹਨ।ਮੈਟਰੀਮੋਨੀਅਲ ਡਿਸਪਿਊਟ ਵੀ ਔਰਤ ਦੇ ਰੁਤਬੇ ਨੂੰ ਸੱਟ ਮਾਰ ਰਹੇ ਹਨ।ਕਈ ਵਾਰ ਵੇਖਿਆ ਹੈ ਕੇ ਕੁਝ ਬੰਦੇ ਆਪਣੀ ਔਰਤ ਨੂੰ ਬਿਨਾ ਮਤਲਬ ਬੁਰਾ ਭਲਾ ਕਹਿੰਦੇ ਰਹਿਣਗੇ।ਜਦ ਕੇ ਉਸੇ ਗੱਲ ਨੂੰ ਉਹ ਮਾੜਾ ਬੋਲੇ ਬਿਨਾਂ ਸਹਿਜ ਭਾਅ ਨਾਲ ਵੀ ਕਹਿ ਸਕਦੇ ਹਨ।ਪਰ ਸਮਝ ਤੋਂ ਪਰੇ ਹੈ ਕੇ ਉਹ ਆਪਣੀ ਕਮਜ਼ੋਰੀ ਨੂੰ ਛਪਾਉਣ ਜਾਂ ਰੋਅਬ ਪਾਉਣ ਲਈ ਉਸਨੂੰ ਕਿਉਂ ਅਪਸ਼ਬਦ ਬੋਲਦੇ ਹਨ ? ਜਦ ਕੇ ਜਿਸ ਦੀ ਕੋਈ ਜਰੂਰਤ ਨਹੀਂ ਹੁੰਦੀ।ਸੋ ਜੇ ਆਦਮੀ ਦਾ ਸੁਭਾਅ ਅਜਿਹਾ ਹੈ ਤਾਂ ਉਸ ਨੂੰ ਆਪਣੇ ਸੁਭਾਅ ਚ ਬਦਲਾਅ ਕਰਨਾ ਚਾਹੀਦਾ ਹੈ ਤੇ ਇਹੋ ਜਿਹੀਆਂ ਗੱਲਾਂ ਤੋ ਬਚਣਾ ਚਾਹੀਦਾ ਹੈ।
ਅਸੀ ਵੇਖਦੇ ਹਾਂ ਕੇ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਆਪਣੇ ਮਾਪਿਆਂ ਨੂੰ ਵਧੇਰੇ ਪਿਆਰ ਕਰਦੀਆਂ ਹਨ।ਜਦ ਕੇ ਮੁੰਡੇ ਕੁੜੀਆਂ ਦੇ ਮੁਕਾਬਲੇ ਮਾਪਿਆਂ ਦੀ ਬਹੁਤ ਘੱਟ ਗੱਲ ਸੁਣਦੇ ਹਨ।ਬੁਢਾਪੇ ਵੇਲੇ ਵੀ ਜਿਆਦਤਰ ਕੁੜੀਆਂ ਹੀ ਆਪਣੇ ਮਾਪਿਆਂ ਨੂੰ ਸੰਭਾਲਦੀਆਂ ਹਨ।ਜਦ ਕੇ ਮੁੰਡੇ ਆਪਣੇ ਮਾਪਿਆਂ ਦੀ ਘੱਟ ਦੇਖ ਭਾਲ ਕਰਦੇ ਹਨ। ਜੋ ਸਮਾਜ ਚ ਨੈਤਿਕ ਕਦਰਾਂ ਕੀਮਤਾ ਚ ਆਈ ਗਿਰਾਵਟ ਨੂੰ ਦਰਸਾਉਂਦਾ ਹੈ।
ਜੋ ਲੋਕ ਔਰਤ ਦਾ ਸਤਕਾਰ ਨਹੀਂ ਕਰਦੇ।ਉਹਨਾਂ ਨੂੰ ਲਾਹਨਤ ਹੈ।ਉਹ ਇਹ ਗੱਲ ਭੁੱਲ ਜਾਂਦੇ ਹਨ ਕੇ ਸਾਨੂੰ ਜਨਮ ਦੇਣ ਵਾਲੀ ਇਕ ਔਰਤ ਹੀ ਹੈ।ਸੋ ਔਰਤ ਨੂੰ ਸਤਕਾਰ ਦੇਣਾ ਸਭ ਦਾ ਫਰਜ਼ ਬਣਦਾ ਹੈ।ਜੇ ਅਸੀ ਅਜਿਹਾ ਨਹੀਂ ਕਰ ਰਹੇ ਤਾ ਸਮਝੋ ਅਸੀ ਆਪਣੇ ਗੁਰੂਆਂ ਪੀਰਾਂ ਦਾ ਨਿਰਾਦਰ ਕਰ ਰਹੇ ਹਨ।ਕਿਉਂਕਿ ਗੁਰਬਾਣੀ ਵਿਚ ਔਰਤ ਨੂੰ ਬੜਾ ਉੱਚਾ ਰੁਤਬਾ ਦਿੱਤਾ ਗਿਆ ਹੈ।ਪਰ ਨਿੱਤ ਦਿਨ ਔਰਤਾਂ ਨਾਲ ਵਾਪਰ ਰਹੀਆਂ ਛੇੜ ਛਾੜ ਤੇ ਰੇਪ ਦੀਆਂ ਘਟਨਾਵਾਂ ਮਨੁੱਖ ਦੇ ਮੱਥੇ ਉੱਤੇ ਕਲੰਕ ਹਨ।ਅਜਿਹੀਆਂ ਘਟਨਾਵਾਂ ਨਾਲ ਔਰਤ ਦੇ ਮਾਣ ਸਨਮਾਨ ਨੂੰ ਸੱਟ ਵੱਜਦੀ ਹੈ ਤੇ ਬੰਦੇ ਦੀ ਸ਼ਖਸ਼ੀਅਤ ਵੀ ਧੁੰਦਲੀ ਹੁੰਦੀ ਹੈ।ਬਾਕੀ ਸਮਝ ਆਪੋ ਆਪਣੀ ਹੈ।
———————
ਲੈਕਚਰਾਰ ਅਜੀਤ ਖੰਨਾ
MA MPhil MJMC B Ed
ਮੋਬਾਈਲ 76967-54669