ਕੈਰੋਂ, 29 ਮਾਰਚ,ਬੋਲੇ ਪੰਜਾਬ ਬਿਊਰੋ ;
ਮਾਝੇ ਦੇ ਪ੍ਰਸਿੱਧ ਘਰਿਆਲੇ ਮੇਲੇ ਤੋਂ ਪਰਤ ਰਹੀ ਸੰਗਤ ਨਾਲ ਵੱਡਾ ਹਾਦਸਾ ਵਾਪਰ ਗਿਆ। ਪਿੰਡ ਕੈਰੋਂ ਨੇੜੇ ਰੇਲਵੇ ਫਾਟਕ ‘ਤੇ ਇੱਕ ਟਰੈਕਟਰ-ਟਰਾਲੀ ਅਚਾਨਕ ਬੇਕਾਬੂ ਹੋ ਕੇ ਖੇਤਾਂ ‘ਚ ਜਾ ਪਲਟੀ। ਇਸ ਹਾਦਸੇ ‘ਚ 20 ਸਾਲਾ ਨੌਜਵਾਨ ਅਰਸ਼ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਮਾਮੂਲੀ ਜ਼ਖਮੀ ਹੋ ਗਏ
ਜਾਣਕਾਰੀ ਮੁਤਾਬਕ, ਤਰਨਤਾਰਨ ਦੇ ਪਿੰਡ ਬਚੜੇ ਤੋਂ ਘਰਿਆਲੇ ਮੇਲੇ ‘ਚ ਸ਼ਮੂਲੀਅਤ ਕਰਕੇ ਪਰਤ ਰਹੀ ਟਰੈਕਟਰ-ਟਰਾਲੀ ‘ਚ ਬੈਠੀ ਸੰਗਤ ਸ਼ਾਮ 7 ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋ ਟਰੈਕਟਰ ਕੈਰੋਂ ਫਾਟਕ ਨੇੜੇ ਪੁੱਜਿਆ, ਤਾਂ ਸਾਹਮਣੇ ਤੋਂ ਗਲਤ ਪਾਸੇ ਆ ਰਹੇ ਇੱਕ ਅਣਪਛਾਤੇ ਵਾਹਨ ਨਾਲ ਹਲਕੀ ਟੱਕਰ ਹੋ ਗਈ। ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਖੇਤਾਂ ‘ਚ ਪਲਟ ਗਿਆ।
ਟਰੈਕਟਰ ਦੇ ਬੰਪਰ ‘ਤੇ ਬੈਠੇ ਅਰਸ਼ ਸਿੰਘ, ਵਾਸੀ ਨਵਾਂ ਖਾਰਾ ਨੇੜੇ ਡਾਲੇਕੇ, ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੁਆਰਾ ਸੀ। ਹਾਦਸੇ ਦੌਰਾਨ ਟਰਾਲੀ ‘ਚ ਸਵਾਰ ਬਾਕੀ ਲੋਕਾਂ ਦੀ ਜਾਨ ਬਚ ਗਈ।
ਮੌਕੇ ‘ਤੇ ਕੈਰੋਂ ਚੌਕੀ ਦੀ ਪੁਲਿਸ ਪਹੁੰਚੀ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕ ਦੀ ਲਾਸ਼ ਕਬਜ਼ੇ ‘ਚ ਲੈ ਲਈ।
