ਗੁਰਦਾਸਪੁਰ, 29 ਮਾਰਚ,ਬੋਲੇ ਪੰਜਾਬ ਬਿਊਰੋ :
ਗੁਰਦਾਸਪੁਰ ਦੇ ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਿਰਜਾਜਾਨ, ਵਿਖੇ 12ਵੀਂ ਬੋਰਡ ਦੀ ਪ੍ਰੀਖਿਆ ਦੇ ਕੇ ਆ ਰਹੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਲਰ ਦੇ ਵਿਦਿਆਰਥੀ ਸਨ।
ਮਿਲੀ ਜਾਣਕਾਰੀ ਮੁਤਾਬਕ, ਅੱਜ 12ਵੀਂ ਦੀ ਕੰਪਿਊਟਰ ਪ੍ਰੀਖਿਆ ਸੀ। ਪ੍ਰੀਖਿਆ ਦੇ ਸਮਾਪਤ ਹੋਣ ਉਪਰੰਤ, ਚੰਨਬੀਰ ਤੇ ਗੋਪੀ ਆਪਣੇ ਸਕੂਲ ਵਾਪਸ ਜਾਣ ਲਈ ਕਾਰ ’ਚ ਨਿਕਲੇ। ਹਾਲਾਂਕਿ, ਜਿਵੇਂ ਹੀ ਉਹ ਮਿਰਜਾਜਾਨ ਸਕੂਲ ਤੋਂ ਅੱਧਾ ਕੁ ਕਿਲੋਮੀਟਰ ਦੂਰ ਪੁੱਜੇ, ਉਨ੍ਹਾਂ ਦੀ ਕਾਰ ਇੱਕ ਫੈਕਟਰੀ ਦੀ ਕੰਧ ਨਾਲ ਜਾ ਟਕਰਾਈ। ਹਾਦਸਾ ਇਨਾ ਭਿਆਨਕ ਸੀ ਕਿ ਦੋਵੇਂ ਵਿਦਿਆਰਥੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਇਸ ਮਾਮਲੇ ਨੂੰ ਲੈ ਕੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਹਾਦਸੇ ਦੀ ਜਾਂਚ ਜਾਰੀ ਹੈ।
