ਦਲਜੀਤ ਸਿੰਘ ਬੇਦੀ ਨੂੰ ਹੈੱਡ ਮਾਸਟਰ ਦੀ ਤਰੱਕੀ ਮਿਲਣ ਤੇ ਵਧਾਈਆਂ ਦਿੱਤੀਆਂ : ਸਮਾਜ ਸੇਵੀ ਰਾਜਿੰਦਰ ਸਿੰਘ ਚਾਨੀ
ਰਾਜਪੁਰਾ 29 ਮਾਰਚ ,ਬੋਲੇ ਪੰਜਾਬ ਬਿਊਰੋ :
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਦੀ ਅਗਵਾਈ ਹੇਠ ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਵਿਖੇ ਸਾਲਾਨਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ‘ਤੇ ਸਕੂਲ ਮੁਖੀ ਰਾਜੀਵ ਕੁਮਾਰ ਹੈੱਡ ਮਾਸਟਰ ਦੀ ਦੇਖ-ਰੇਖ ਹੇਠ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ ਅਤੇ ਨਤੀਜਾ ਪ੍ਰਗਤੀ ਕਾਰਡ ਜਾਰੀ ਕੀਤੇ ਗਏ।
ਮਿਲਣੀ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਪੰਚਾਇਤ ਢਕਾਨਸੂ ਕਲਾਂ ਵਲੋਂ ਵਿਦਿਆਰਥੀਆਂ ਦੀ ਸਾਲਾਨਾ ਪ੍ਰਗਤੀ ਦੀ ਸਰਾਹਨਾ ਕੀਤੀ ਗਈ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ, ਉਨ੍ਹਾਂ ਨੂੰ ਦਲਜੀਤ ਸਿੰਘ ਸਰਪੰਚ ਢਕਾਨਸੂ ਕਲਾਂ, ਹੈੱਡ ਮਾਸਟਰ ਰਾਜੀਵ ਕੁਮਾਰ, ਰਾਜਿੰਦਰ ਸਿੰਘ ਚਾਨੀ ਮੀਡੀਆ ਕੋਆਰਡੀਨੇਟਰ, ਦਲਜੀਤ ਸਿੰਘ ਨਵੇਂ ਪਦ-ਉੱਨਤ ਹੋਏ ਹੈੱਡ ਮਾਸਟਰ, ਸਕੂਲ ਮੈਨੇਜਮੈਂਟ ਕਮੇਟੀ, ਪੰਚਾਇਤ ਮੈਂਬਰਾਂ ਅਤੇ ਸਕੂਲ ਅਧਿਆਪਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸਕੂਲ ਵਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।
ਇਸ ਮੌਕੇ ‘ਤੇ ਹੈੱਡ ਮਾਸਟਰ ਦਲਜੀਤ ਸਿੰਘ ਬੇਦੀ ਦੀ ਤਰੱਕੀ ਹੋਣ ‘ਤੇ ਸਮਾਜ ਸੇਵੀ ਰਾਜਿੰਦਰ ਸਿੰਘ ਚਾਨੀ ਅਤੇ ਬਾਕੀ ਅਧਿਆਪਕਾਂ ਨੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਦਲਜੀਤ ਸਿੰਘ ਬੇਦੀ ਨੇ ਹਮੇਸ਼ਾ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਮਾਗਮ ‘ਚ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਮੌਜੂਦ ਰਹੇ।