ਜਦੋਂ ਕੜਾਹ ਖਾਣੇ ਗੁਲਾਮ ਬਣੇ !

ਸਾਹਿਤ ਚੰਡੀਗੜ੍ਹ

ਜਦੋਂ ਕੜਾਹ ਖਾਣੇ ਗੁਲਾਮ ਬਣੇ !

ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਪਹਿਲਾਂ ਮੁਫ਼ਤ ਦੀ ਚਾਟ ਉੱਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਲਗਾਇਆ, ਜਦੋਂ ਗਧੇ ਤੇ ਘੋੜਿਆਂ ਨੂੰ ਇੱਕੋ ਕੀਲੇ ਬੰਨ੍ਹਿਆ ਸੀ। ਉਦੋਂ ਹਜ਼ਾਰ ਏਕੜ ਜ਼ਮੀਨ ਵਾਹੁਣ ਵਾਲੇ ਨੂੰ ਵੀ ਤੇ ਇੱਕ ਏਕੜ ਵਾਹੁਣ ਵਾਲੇ ਨੂੰ ਵੀ ਬਿਜਲੀ ਪਾਣੀ ਮੁਫ਼ਤ ਦਿੱਤੀ। ਵਪਾਰੀਆਂ ਨੂੰ ਖੁਸ਼ ਕਰਨ ਲਈ ਚੁੰਗੀਆਂ ਚੱਕ ਦਿੱਤੀਆਂ। ਪੰਜਾਬ ਸਰਕਾਰ ਵਲੋਂ ਮਹਿੰਗੇ ਭਾਅ ਬਹੁਕੌਮੀ ਕੰਪਨੀਆਂ ਤੋਂ ਬਿਜਲੀ ਖ਼ਰੀਦਣ ਲਈ ਨਿਯਮਾਂ ਨੂੰ ਛਿੱਕੇ ਟੰਗਿਆ। ਪੰਜਾਬ ਵਿੱਚ ਹੁਣ ਵੀ ਝਾਰਖੰਡ ਤੋਂ ਬਿਜਲੀ ਆਉਂਦੀ ਹੈ। ਹਜ਼ਾਰਾਂ ਕਰੋੜਾਂ ਰੁਪਏ ਦੀ ਬਿਜਲੀ ਮੁਫ਼ਤ ਦੇਣ ਕਰਕੇ ਵਿਕਾਸ ਕਾਰਜ਼ ਠੱਪ ਹੋ ਗਏ। ਪੰਜਾਬ ਰਾਜ ਬਿਜਲੀ ਬੋਰਡ ਨੂੰ ਪਾਵਰਕੌਮ ਬਣਾ ਕੇ ਉਸ ਦੇ ਫਿਊਜ਼ ਉਡਾ ਦਿੱਤੇ। ਬੀਬੀਆਂ ਨੂੰ ਮੁਫ਼ਤ ਬੱਸ ਸੇਵਾ ਸ਼ੁਰੂ ਕਰ ਕੇ, ਪੰਜਾਬ ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਵਿਭਾਗ ਦਾ ਬੇੜਾ ਗ਼ਰਕ ਕੀਤਾ। ਬਾਦਲ ਨੇ ਆਪਣੇ ਬੇੜੇ ਨੂੰ ਵਧਾਇਆ। ਆਟਾ ਦਾਲ ਸਕੀਮ ਤਹਿਤ ਅਮੀਰਾਂ ਤੇ ਗਰੀਬਾਂ ਦੇ ਨੀਲੇ ਕਾਰਡ ਬਣਾਏ। ਇਹ ਨੀਲੇ ਕਾਰਡ ਬਣਾਉਣ ਲਈ ਅਣਖੀ ਸੂਰਮਿਆਂ ਨੇ ਮੂੰਹ ਨੂੰ ਮਿੱਟੀ ਮਲੀ। ਚੋਣਾਂ ਵੇਲੇ ਹਰ ਤਰ੍ਹਾਂ ਦਾ ਨਸ਼ਾ ਵੰਡਿਆ ਗਿਆ। ਆਰਥਿਕ ਮੰਦਹਾਲੀ ਕਾਰਨ ਸਰਕਾਰਾਂ ਨੇ ਕਰਜ਼ਾ ਚੁੱਕ ਚੁੱਕ ਕੇ ਵਕਤ ਲੰਘਾਇਆ। ਹੁਣ ਪੰਜਾਬ ਸਰਕਾਰ ਪੌਣੇ ਦੋ ਲੱਖ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਹੇਠ ਹੈ। ਪੰਜਾਬ ਦੀ ਪੱਚੀ ਪ੍ਰਤੀਸ਼ਤ ਜ਼ਮੀਨ ਸੜਕਾਂ ਤੇ ਕਲੋਨੀਆਂ ਹੇਠਾਂ ਆ ਗਈ। ਦਿਨੋਂ ਦਿਨ ਖੇਤੀਬਾੜੀ ਲਈ ਜ਼ਮੀਨ ਘੱਟ ਰਹੀ ਹੈ। ਲੋਕਾਂ ਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਦੌੜ ਲਗਾਈ ਤੇ ਪਿੰਡਾਂ ਵਿੱਚ ਪਰਵਾਸੀ ਭਾਰਤੀ ਆ ਗਿਆ। ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ਾਂ ਨੂੰ ਭੇਜਿਆ। ਜ਼ਮੀਨਾਂ ਕੋਠੀਆਂ ਵੇਚ ਕੇ ਨੌਜਵਾਨ ਦੋ ਨੰਬਰ ਦੇ ਵਿਆਹ ਕਰਵਾ ਕੇ, ਡੌਕੀ ਲਾ ਕੇ ਵਿਦੇਸ਼ ਪੁਜੇ। ਹੁਣ ਉਹਨਾਂ ਨੂੰ ਵਿਦੇਸ਼ਾਂ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਹੁਣ ਅਮਰੀਕਾ ਰੋਜ਼ ਫੌਜੀ ਜਹਾਜ਼ ਭਰ ਕੇ ਭੇਜ ਰਿਹਾ। ਫੌਜੀ ਜਹਾਜ਼ ਅਗਲੇ ਸਮਿਆਂ ਵਿੱਚ ਕੀ ਚੰਦ ਚਾੜ੍ਹਦਾ ਹੈ, ਇਹ ਹੁਣ ਮੋਦੀ ਸਰਕਾਰ ਜਾਣਦੀ ਹੈ। ਪੰਜਾਬ ਦੇ ਲੋਕ ਆਪੋ ਆਪਣੀ ਡਫਲੀ ਵਜਾ ਕੇ ਗੁਜ਼ਾਰਾ ਕਰਦੇ ਹਨ। ਕਿਸਾਨ ਜਥੇਬੰਦੀਆਂ ਧਰਨੇ ਲਗਾ ਰਹੀਆਂ ਹਨ। ਸਿਆਸੀ ਪਾਰਟੀਆਂ ਵਿੱਚ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਦਾਅ ਪੇਚ ਖੇਡ ਰਹੀਆਂ ਹਨ। ਅਕਾਲੀ ਦਲ ਬਾਦਲ ਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਕਾਰ ਯੁੱਧ ਚੱਲ ਰਿਹਾ ਹੈ। ਲੋਕ ਤਮਾਸ਼ਬੀਨ ਬਣ ਕੇ ਸੁਆਦ ਲੈਣ ਲੱਗੇ ਹਨ। ਆਮ ਆਦਮੀ ਪਾਰਟੀ ਦਿੱਲੀ ਤੋਂ ਬੋਰੀਆ ਬਿਸਤਰਾ ਗੋਲ ਕਰਕੇ ਪੰਜਾਬ ਆ ਗਈ ਹੈ। ਗ਼ੈਰ ਸੰਵਿਧਾਨਕ ਅਹੁਦੇ ਤੋਂ ਬਗ਼ੈਰ ਮੁਨੀਸ਼ ਸਿਸੋਦੀਆ ਪੰਜਾਬ ਦੇ ਸਕੂਲਾਂ ਦੇ ਦੌਰੇ ਕਰ ਰਿਹਾ ਸੀ। ਅਗਲੇ ਸਮਿਆਂ ਵਿੱਚ ਕੀ ਹੋਣਾ ਹੈ, ਪਤਾ ਨਹੀਂ। ਤੁਸੀਂ ਲਵੋ ਨਜ਼ਾਰੇ। ਹੁਣ ਮੁਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਦੱਖਣ ਵਿਚ ਭੇਜ ਕੇ ਮਗਰੋਂ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਧਾਵਾ ਬੋਲ ਦਿੱਤਾ ਤੇ ਉਹਨਾਂ ਨੇ ਕੌਮੀ ਮਾਰਗ ਖ਼ਾਲੀ ਕਰਵਾਈ ਦਿੱਤੇ। ਕਹਿੰਦੇ ਕਿਸਾਨਾਂ ਦੇ ਸੜਕਾਂ ਰੋਕਣ ਨਾਲ ਪੰਜਾਬ ਦਾ ਵਿਕਾਸ ਰੁਕਿਆ ਹੋਇਆ ਸੀ। ਹੁਣ ਵਿਕਾਸ ਐਨੀਆਂ ਛਾਲਾਂ ਮਾਰਦਾ ਹੈ ਕਿ ਕਿਸਾਨਾਂ ਨੂੰ ਆਪਣੀਆਂ ਟਰਾਲੀਆਂ ਲੱਭਣ ਲਈ ਛਾਪੇ ਮਾਰਨੇ ਪੈ ਰਹੇ ਹਨ। ਟਰਾਲੀਆਂ ਸੱਤਾਧਾਰੀ ਹਮਾਇਤੀਆਂ ਦੇ ਘਰਾਂ ਵਿੱਚੋਂ ਤੇ ਪੁਲਿਸ ਕਰਮਚਾਰੀਆਂ ਦੇ ਘਰਾਂ ਵਿੱਚੋਂ ਲੱਭ ਰਹੀਆਂ ਹਨ। ਕਿਸਾਨਾਂ ਦੀਆਂ ਸਵਾ ਸੈਂਕੜਾ ਟਰਾਲੀਆਂ ਲਾਪਤਾ ਹਨ। ਅਰਵਿੰਦ ਕੇਜਰੀਵਾਲ ਕਹਿੰਦਾ ਹੈ ਕਿ, ਹੁਣ ਪੰਜਾਬ ਮਾਡਲ ਬਣਾਉਣਾ ਹੈ। ਕੀ ਬਣੇਗਾ ਪੰਜਾਬ ਦਾ ਇਹ ਤਾਂ ਹੁਣ ਉਹੀ ਜਾਣਦਾ ਹੈ। ਉਹ ਭਾਜਪਾ ਦੀਆਂ ਨੀਤੀਆਂ ਨੂੰ ਪੰਜਾਬ ਵਿੱਚ ਲਾਗੂ ਕਰ ਰਿਹਾ ਹੈ। ਉਹਨਾਂ ਦੀ ਅੱਖ ਪੰਜਾਬ ਦੀਆਂ ਜ਼ਮੀਨਾਂ ਉਤੇ ਹੈ। ਪੰਜਾਬ ਦੀਆਂ ਜ਼ਮੀਨਾਂ ਉਤੇ ਕਬਜ਼ਾ ਕਿਵੇਂ ਕਰਨਾ ਹੈ, ਇਸ ਦੀ ਸਕੀਮ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਬਣੀ ਸੀ, ਜਦੋਂ ਮੁਫਤ ਬਿਜਲੀ ਪਾਣੀ ਤੇ ਆਟਾ ਦਾਲ ਸਕੀਮ ਚਲਾਈ ਗਈ ਸੀ। ਉਦੋਂ ਪੰਜਾਬ ਦੇ ਲੋਕਾਂ ਨੇ ਬਹੁਤ ਕੱਛਾਂ ਵਜਾਈਆਂ ਸਨ। ਹੁਣ ਪਤਾ ਲੱਗੂ ਜਦੋਂ ਤੇੜ ਕੱਛਾਂ ਵੀ ਨਾ ਰਿਹਾ। ਪੰਜਾਬ ਦੇ ਲੋਕਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ, ਹੋਰ ਹਰ ਤਰ੍ਹਾਂ ਦੇ ਸ਼ੌਕੀਨ ਹਨ। ਇਸੇ ਕਰਕੇ ਇਹਨਾਂ ਦੀ ਵੱਖਰੀ ਪਛਾਣ ਹੈ। ਫ਼ੁਕਰੇ ਗੀਤਕਾਰਾਂ ਤੇ ਗਾਇਕਾਂ ਨੇ ਇਹਨਾਂ ਨੂੰ ਵੰਝ ਉੱਤੇ ਅਜਿਹਾ ਚਾੜ੍ਹਿਆ ਹੈ ਹੁਣ ਇਹ ਰਾਂਝੇ ਵਾਂਗੂੰ ਵੰਝਲੀ ਵਜਾਉਂਦੇ ਫਿਰਦੇ ਹਨ। ਹੇਠਾਂ ਵਾਲ਼ੀ ਕਥਾ ਪੜ੍ਹ ਲਵੋ। ਦੇ ਕੁੱਝ ਸਮਝ ਆ ਜਾਵੇ।

ਜਦੋਂ ਅੰਗਰੇਜ਼ਾਂ ਨੇ ਅਫਰੀਕਾ ਦੇ ਵਿੱਚ ਜਾ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਉਥੋਂ ਦੀ ਭੁੱਖ ਮਰੀ ਦੇਖ ਕੇ ਉਹਨਾਂ ਨੇ ਵੱਖ ਵੱਖ ਇਲਾਕਿਆਂ ਵਿਚ ਗਿਰਜਾ ਘਰ ਬਣਾਏ। ਲੋਕਾਂ ਨੂੰ ਭਰਮਾਉਣ ਲਈ ਉਹਨਾਂ ਇਹਨਾਂ ਗਿਰਜਾ ਘਰਾਂ ਦੇ ਵਿੱਚ ਕੜਾਹ ਖਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕ ਚਰਚ ਵਿਚ ਆਉਂਦੇ ਤੇ ਕੜਾਹ ਖਾਂਦੇ। ਚਲੇ ਜਾਂਦੇ, ਪਰ ਇੱਕ ਕਿਸਾਨ ਨਾ ਆਉਂਦਾ। ਅੰਗਰੇਜ਼ਾਂ ਨੇ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ। ਕਿਹੜਾ ਕੜਾਹ ਖਾਣ ਨਹੀਂ ਆਉਂਦਾ, ਕੁੱਝ ਸਮੇਂ ਬਾਅਦ ਦੇਖਿਆ ਇਕ ਕਿਸਾਨ ਨਹੀਂ ਸੀ ਆਉਂਦਾ, ਉਹ ਸਗੋਂ ਅੰਗਰੇਜ਼ਾਂ ਦਾ ਵਿਰੋਧ ਕਰਦਾ ਸੀ ਤੇ ਉਹ ਪਿੰਡ ਵਾਸੀਆਂ ਨੂੰ ਕਹਿੰਦਾ ਸੀ ਕਿ ਇਹ ਮੁਫ਼ਤ ਦਾ ਕੜਾਹ ਤੁਹਾਡੇ ਹੱਡ ਹਰਾਮੀ ਕਰੇਗਾ। ਇਸ ਮਿੱਠੇ ਨੇ ਤੁਹਾਨੂੰ ਤਬਾਹ ਕਰ ਦੇਣਾ ਐ। ਤੁਸੀਂ ਕਾਸੇ ਜੋਗੇ ਨਹੀਂ ਰਹਿਣਾ। ਇਹ ਤੁਹਾਡੀਆਂ ਜ਼ਮੀਨਾਂ ਦੱਬਣਗੇ, ਤੁਹਾਨੂੰ ਵਿਹਲੇ ਕਰਨਗੇ। ਇਕ ਦਿਨ ਤੁਸੀਂ ਇਹਨਾਂ ਦੇ ਗੁਲਾਮ ਬਣ ਜਾਣਾ ਐ। ਫੇਰ ਗ਼ੁਲਾਮੀ ਦੀ ਜੂਨ ਹੰਢਾਉਂਦੇ ਰਿਹੋ। ਉਹ ਆਪਣੇ ਪਿੰਡ ਦੇ ਲੋਕਾਂ ਨੂੰ ਕਲਪਦਾ ਰਹਿੰਦਾ ਐ। ਪਰ ਲੋਕ ਉਸਨੂੰ ਬੁਰਾ ਭਲਾ ਬੋਲਦੇ ਤੇ ਉਸ ਦੀਆਂ ਅੰਗਰੇਜ਼ਾਂ ਕੋਲ ਸ਼ਿਕਾਇਤ ਕਰਦੇ। ਇਕ ਅੰਗਰੇਜ਼ਾਂ ਨੇ ਉਸ ਨੂੰ ਗਿਰਫਤਾਰ ਕੀਤਾ। ਉਸਨੂੰ ਸਜ਼ਾ ਦਿੱਤੀ ਕਿ ਤੂੰ ਸੱਤ ਸਾਲ ਪਿੰਡ ਨਹੀਂ ਵੜ ਸਕਦਾ। ਪਿੰਡ ਤੋਂ ਦੂਰ ਚਲੇ ਜਾ। ਉਹ ਆਪਣਾ ਪਿੰਡ ਛੱਡ ਕੇ ਦੂਰ ਜੰਗਲ ਵਿੱਚ ਚਲੇ ਗਿਆ। ਸੱਤ ਬੀਤਣ ਤੋਂ ਬਾਅਦ ਜਦ ਉਹ ਪਿੰਡ ਮੁੜਿਆ ਤਾਂ ਉਹ ਹੈਰਾਨ ਰਹਿ ਗਿਆ, ਸਭ ਕੁੱਝ ਦੇਖ ਕੇ। ਉਸਦੇ ਪਿੰਡ ਦੀ ਸਾਰੀ ਜ਼ਮੀਨ ਜਾਇਦਾਦ ਉਪਰ ਕਬਜ਼ਾ ਅੰਗਰੇਜ਼ਾਂ ਦਾ ਸੀ। ਪਿੰਡ ਵਿੱਚ ਜੇ ਜ਼ਮੀਨ ਬਚੀ ਸੀ ਤਾਂ ਉਸ ਦੀ ਸੀ। ਕਿਉਂਕਿ ਉਸਨੇ ਜ਼ਮੀਨ ਉਪਰ ਕੋਈ ਕਰਜ਼ਾ ਤੇ ਮਸ਼ੀਨਰੀ ਨਹੀਂ ਲਈ ਸੀ।
ਇਹ ਸਾਰੀ ਕਹਾਣੀ ਇੱਕ ਅਫਰੀਕੀ ਨਾਵਲ ਸ਼ਨਵਾ ਅਸ਼ਬੀ ਦਾ “ ਦਾ ਥਿੰਗਜ ਫਾਲ ਅਪਾਰਟ” ਜਿਸਨੂੰ ਪੰਜਾਬੀ ਵਿਚ ਅਨੁਵਾਦ ਡਾ. ਜੋਗਿੰਦਰ ਕੈਰੋਂ ਨੇ ਕੀਤਾ ਐ *ਟੁੱਟ ਭੱਜ, ਜਿਸ ਦਾ ਇਕ ਪਾਤਰ ਇਸ ਮੁਫਤ ਦੇ ਕੜਾਹ ਦਾ ਵਿਰੋਧ ਕਰਦਾ ਐ। ਇਹ ਨਾਵਲ ਪੰਜਾਬ ਦੇ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਐ।
ਇਹ ਨਾਵਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਮਿਲ ਸਕਦਾ ਐ। ਮੰਗਵਾ ਕੇ ਪੜ੍ਹ ਲਿਓ ਆਪਣਾ ਭਵਿੱਖ।
ਉਦੋਂ ਤੱਕ ਬਾਬਾ ਰਤਨ ਸਿੰਘ ਦੀ ਮੇਰੇ ਨਾਲ ਹੋਈ ਗੱਲਬਾਤ ਸੁਣ ਲਵੋ।
ਅੱਜ ਮੈਨੂੰ ਬਾਬਾ ਰਤਨ ਸਿੰਘ ਦਾ ਫੋਨ ਆਇਆ, ਉਹਨਾਂ ਨੇ ਦੱਸਿਆ ਕਿ ਇਸ ਵਕਤ ਵੰਨਵੇਂ ਸਾਲਾਂ ਦਾ ਐ। ਤੈਨੂੰ ਕੁੱਝ ਦੱਸਣ ਲਈ ਫੋਨ ਕੀਤਾ ਐ, ਕਿ ਤੁਸੀਂ ਇਸਨੂੰ ਆਪਣੀ ਲਿਖਤ ਬਣਾ ਲੈਣਾ।
ਉਹਨਾਂ ਦੱਸਿਆ ਕਿ ਸਾਡੇ ਪਿੰਡ ਦੇ ਬੰਦੇ ਸੱਥਾਂ ਵਿੱਚ ਬੈਠੇ ਤਾਸ਼ ਕੁੱਟਦੇ ਹਨ ਤੇ ਘਰਾਂ ਵਿੱਚ ਪਰਵਾਸੀ ਮੌਜਾਂ ਲੁੱਟਦੇ ਹਨ। ਮੰਡੀ ਵਿੱਚ ਤਲਾਈ ਵੇਲੇ ਸਰਦਾਰ ਜੀ ਜਾਂਦੇ ਹਨ। ਫੇਰ ਜਦੋਂ ਬੈਂਕਾਂ ਵਾਲੇ ਆਉਂਦੇ ਹਨ ਫੇਰ ਕਿਸਾਨ ਇਕੱਠੇ ਹੋ ਕੇ ਧਰਨਾ ਲਗਾਉਂਦੇ ਹਨ। ਇਹ ਨਵਾਂ ਡਰਾਮਾ ਕਰ ਰਹੇ ਹਨ। ਜੇ ਕਰਜ਼ਾ ਲਿਆ ਹੈ, ਉਹ ਮੋੜਣਾ ਵੀ ਹੈ। ਇਹ ਬੈਂਕ ਮੁਲਾਜ਼ਮਾਂ ਨੂੰ ਬੰਦੀ ਬਣਾ ਭਾਸ਼ਣ ਝਾੜਦੇ ਨੇ ਤੇ ਸੌਦੇਬਾਜ਼ੀ ਕਰਦੇ ਹਨ। ਪਹਿਲਾਂ
ਇਹਨਾਂ ਨੂੰ ਪੰਜਾਬ ਸਰਕਾਰ ਨੇ ਮੁਫ਼ਤ ਦਾ ਕੜਾਹ ਐਸਾ ਛਕਾਇਆ ਐ, ਲੋਕ ਹੱਕਾਂ ਲਈ ਇਕੱਠੇ ਨਾ ਹੋਣ ਜੇ ਕਿਤੇ ਨੀਲੇ ਕਾਰਡ ਵਿਚੋਂ ਨਾਮ ਕੱਟ ਤਾਂ, ਧਰਨਾ ਲਗਾ ਕੇ ਬਹਿ ਜਾਣਗੇ। ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੇ ਪਾਉ ਦਾਦੇ ਜਿਹਨਾਂ ਦੇ ਅੱਧੀ ਦਰਜਨ ਜੁਆਕ ਹੁੰਦੇ, ਉਹ ਨਹੀਂ ਜਿਉਂਦੇ ਰਹੇ। ਤੁਹਾਡੇ ਘਰਾਂ ਵਿੱਚ ਜੁਆਕ ਇਕ ਜਾਂ ਦੋ ਹਨ।ਮਾਪੇ ਤੁਹਾਡੇ ਬਿਰਧ ਆਸ਼ਰਮ ਦੇ ਵਿੱਚ ਤੇ ਤੀਵੀਂਆਂ ਬਿਊਟੀ ਪਾਰਲਰਾਂ ਦੇ ਵਿੱਚ ਜਾਂ ਫੇਰ ਕਿਸੇ ਸਾਧ ਦੇ ਡੇਰੇ ਉਤੇ, ਤੁਸੀਂ ਆਖਦੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਐ। ਤੁਹਾਡੇ ਹੱਡ ਹਰਾਮੀ ਹੋ ਗਏ ਨੇ, ਤੁਹਾਡੇ ਵਿੱਚ ਸੱਤਿਆ ਨਹੀਂ ਰਹੀ। ਫੁਕਰਪੁਣਾ ਤੁਸੀਂ ਸਿਰੇ ਦਾ ਕਰਦੇ ਓ। ਆਸ਼ਰਮ ਵਿੱਚ ਮਰੀ ਮਾਂ ਦਾ ਭੋਗ ਮੈਰਿਜ ਪੈਲੇਸਾਂ ਵਿੱਚ ਪਾਉਂਦੇ ਓ। ਕੁੜੀਆਂ ਦੇ ਵਿਆਹ ਉਤੇ ਕੰਜਰ ਨਚਾਉਂਦੇ ਓ। ਥੋਨੂੰ ਕੋਈ ਸ਼ਰਮ ਹਿਆ ਐ।
ਹੋਇਆ ਕੀ ਦੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨੀ ਮਾਰਿਆ,।। ਤੀਜਾ ਪੈੱਗ ਲਾ ਕੇ ਤੇਰੀ ਬਾਂਹ ਫੜ੍ਹਨੀ।।
ਕਿਤੇ ਡੁੱਬ ਕੇ ਮਰ ਜਾਓ। ਸਾਲੇ ਯੱਧੇ ਪੈੱਗ ਲਾ ਕੇ ਬਾਂਹ ਫੜਨ ਦੇ।
ਬਾਬਾ ਹੋਰ ਪਤਾ ਨਹੀਂ ਕੀ ਕੀ ਬੋਲਦਾ ਰਿਹਾ। ਮੇਰੇ ਕੰਨ ਅੰਬ ਹੋ ਗਏ।
ਬਾਬਾ ਬੋਲਦਾ ਸੀ, ਇਹਨਾਂ ਨੂੰ ਜ਼ਮੀਨਾਂ ਦੀ ਘੁਮੇਰ ਚੜ੍ਹੀ ਐ। ਤੂੰ ਦੇਖੀ ਇਹ ਅਗਲੇ ਦਿਨਾਂ ਵਿੱਚ ਇਹ ਨਾ ਘਰ ਦੇ ਨਾ ਘਾਟ ਦੇ ਰਹਿਣੇ ਆ। ਜ਼ਮੀਨਾਂ ਤਾਂ ਬੈਂਕਾਂ ਕੋਲ ਗਿਰਵੀ ਨੇ। ਲਿਮਟਾਂ ਤੇ ਕਰਜ਼ਿਆਂ ਨੇ ਇਹਨਾਂ ਦਾ ਝੁੱਗਾ ਚੌੜ ਚੁਪੱਟ ਕਰਨਾ ਐ। ਤੂੰ ਦੇਖੀ ਇਹ ਦਿਹਾੜੀਆਂ ਕਰਦੇ ਫਿਰਨਗੇ।
ਚੱਲ ਛੱਡ ਆਪਾਂ ਇਹਨਾਂ ਮੰਗਤਿਆਂ ਤੋਂ ਕੀ ਲੈਣਾ ਐ। ਇਹਨਾਂ ਨੂੰ ਮੁਫ਼ਤ ਦਾ ਕੜਾਹ ਖਾਣ ਦਿਓ।
ਬਾਬੇ ਦੀ ਇਹ ਭਵਿੱਖਬਾਣੀ ਨੇ ਮੈਨੂੰ ਚੁੱਪ ਕਰਵਾ ਦਿੱਤਾ ਹੈ।
ਹੁਣ ਮੈਂ ਚੁੱਪ ਆਂ। ਪਰ ਮੇਰੇ ਅੰਦਰ ਮਹਾਂ ਭਾਰਤ ਦੀ ਜੰਗ ਚੱਲਦੀ ਐ।
ਮੇਰਾ ਅੰਦਰ ਕੁਰਕਸ਼ੇਤਰ ਦਾ ਘਮਾਸਾਨ ਯੁੱਧ ਚੱਲ ਰਿਹਾ ਐ।

ਬੁੱਧ ਸਿੰਘ ਨੀਲੋਂ 
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।