ਨੇਪੀਦਾ, 28 ਮਾਰਚ,ਬੋਲੇ ਪੰਜਾਬ ਬਿਊਰੋ :
ਮਿਆਂਮਾਰ ‘ਚ ਅੱਜ ਸ਼ੁੱਕਰਵਾਰ 11:50 ਵਜੇ 7.7 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਭਾਰਤ, ਥਾਈਲੈਂਡ, ਬੰਗਲਾਦੇਸ਼ ਅਤੇ ਚੀਨ ਸਮੇਤ ਪੰਜ ਦੇਸ਼ਾਂ ਵਿੱਚ ਮਹਿਸੂਸ ਕੀਤੇ ਗਏ। ਮਿਆਂਮਾਰ ਅਤੇ ਥਾਈਲੈਂਡ ਵਿੱਚ 23 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਮਿਆਂਮਾਰ ‘ਚ 20 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਇਸ ਦੇ ਨਾਲ ਹੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਉਸਾਰੀ ਅਧੀਨ ਇੱਕ 30 ਮੰਜ਼ਿਲਾ ਇਮਾਰਤ ਢਹਿ ਗਈ। ਇਸ ਸਾਈਟ ‘ਤੇ 400 ਲੋਕ ਕੰਮ ਕਰ ਰਹੇ ਸਨ। ਇਨ੍ਹਾਂ ‘ਚੋਂ 80 ਲੋਕ ਲਾਪਤਾ ਹਨ, ਜਦਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਨ੍ਹਾਂ 5 ਦੇਸ਼ਾਂ ਦੇ ਵੱਖ-ਵੱਖ ਖੇਤਰਾਂ ਦੇ ਸੈਂਕੜੇ ਲੋਕ ਡਰ ਦੇ ਮਾਰੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆ ਗਏ। ਭਾਰੀ ਤਬਾਹੀ ਕਾਰਨ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਇਸ ਭੂਚਾਲ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਭਾਵਨਾ ਨੂੰ ਲਾਲ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਇਸ ਸ਼੍ਰੇਣੀ ਵਿੱਚ 10 ਹਜ਼ਾਰ ਤੋਂ 1 ਲੱਖ ਤੱਕ ਮੌਤਾਂ ਹੋ ਸਕਦੀਆਂ ਹਨ, ਜਿਸ ਦੀ ਸੰਭਾਵਨਾ 34% ਹੈ, ਭਾਵ ਸਭ ਤੋਂ ਵੱਧ।
