ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ
ਖਰੜ/ ਮੋਹਾਲੀ 28 ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ (“ਵਾਰ ਅਗੇਨਸਟ ਡਰੱਗਜ਼”) ਲਹਿਰ ਚੱਲ ਰਹੀ ਹੈ, ਤਾਂ ਜੋ ਪੰਜਾਬ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਸਾਰੂ ਕੰਮਾਂ ਵਿੱਚ ਲਾਇਆ ਜਾ ਸਕੇ। ਇਹ ਉਪਰਾਲਾ ਪੰਜਾਬ ਦੀ ਜਵਾਨੀ ਨੂੰ ਖਤਮ ਹੋਣ ਤੋਂ ਬਚਾਉਣ ਵਾਸਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਉਪਰਾਲੇ ਅਧੀਨ ਅੱਜ ਖਰੜ ਵਿੱਚ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਰੈਲੀ ਦਾ ਆਯੋਜਨ ਕੀਤਾ ਗਿਆ। ਦੁਸਹਿਰਾ ਗਰਾਊਂਡ ਤੋਂ ਸ਼ੁਰੂ ਹੋਈ ਇਸ ਰੈਲੀ ਨੇ ਸਾਰੇ ਖਰੜ ਵਿੱਚ ਦੌਰਾ ਕੀਤਾ। ਇਸ ਵਿੱਚ ਸ਼ਹਿਰ ਦੇ ਮੁਖ ਪਤਵੰਤੇ ਸੱਜਣ, ਸ਼ਹਿਰ ਨਿਵਾਸੀ, ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਅਤੇ ਸਟਾਫ ਨੇ ਸ਼ਿਰਕਤ ਕੀਤੀ।
ਇਲਾਕੇ ਦੀ ਮੋਹਰੀ ਸੰਸਥਾ ਦੁਆਬਾ ਗਰੁੱਪ ਆਫ ਕਾਲਜ ਨੇ ਵੀ ਇਸ ਰੈਲੀ ਵਿੱਚ ਭਾਗ ਲਿਆ। ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਚਿੱਟੇ ਰੰਗ ਦੀ ਟੋਪੀ ਅਤੇ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਵੱਧ ਚੜ੍ਹਕੇ ਹਿੱਸਾ ਲਿਆ। ਦੁਆਬਾ ਗਰੁੱਪ ਨੇ ਸਰਕਾਰ ਦੀ ਇਸ ਲਹਿਰ ਦਾ ਪੂਰਾ ਸਾਥ ਦਿੱਤਾ।
ਇਸ ਮੌਕੇ ਦੁਆਬਾ ਗਰੁੱਪ ਦੇ ਵਾਈਸ ਚੇਅਰਮੈਨ ਸ. ਮਨਜੀਤ ਸਿੰਘ ਅਤੇ ਮੈਨੇਜਿੰਗ ਵਾਈਸ ਚੇਅਰਮੈਨ ਸ. ਐੱਸ ਐੱਸ ਸੰਘਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦੌਰਾਨ ਡਾ ਮੀਨੂੰ ਜੇਟਲੀ ਪ੍ਰਿੰਸੀਪਲ ਦੁਆਬਾ ਗਰੁੱਪ ਵੱਲੋਂ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੂੰ ਸਿਰੋਪਾਓ ਭੇਟਾ ਕੀਤਾ ਗਿਆ । ਰੈਲੀ ‘ਚ ਉਚੇਚੇ ਤੌਰ ਤੇ ਡਾ. ਸੰਦੀਪ ਸ਼ਰਮਾ, ਡਾ. ਹਰਪ੍ਰੀਤ ਰਾਏ, ਡਾ. ਪ੍ਰੀਤ ਮੋਹਿੰਦਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਨੇ ਵੀ ਖਾਸ ਸ਼ਿਰਕਤ ਕੀਤੀ ਅਤੇ ਇਸ ਰੈਲੀ ਦੇ ਸੰਚਾਲਨ ਵਿੱਚ ਮਦਦ ਕੀਤੀ।
ਦੁਆਬਾ ਗਰੁੱਪ ਨੇ ਆਪਣੇ ਇਲਾਕੇ ਵਿੱਚ ਨਸ਼ਿਆਂ ਦੇ ਖਾਤਮੇ ਦਾ ਅਹਿਦ ਲਿਆ ਹੈ।