ਲੁਧਿਆਣਾ, 28 ਮਾਰਚ,ਬੋਲੇ ਪੰਜਾਬ ਬਿਊਰੋ :
ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ 3.25 ਕਰੋੜ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਪੀਏਯੂ ਥਾਣਾ ਸੱਗੂ ਚੌਂਕ ਵਿੱਚ ਮੌਜੂਦ ਸੀ ਤਾਂ ਇਸੇ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਹੈਰੋਇਨ ਦੀ ਖੇਪ ਲੈ ਕੇ ਉਕਤ ਇਲਾਕੇ ਵਿੱਚ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਨ ਲਈ ਆ ਰਹੇ ਹਨ। ਜਿਸ ਤੋਂ ਬਾਅਦ ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ। ਪੁਲਿਸ ਟੀਮ ਵੱਲੋਂ ਉਕਤ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 570 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰ ਲਿਆ। ਉਨ੍ਹਾਂ ਦੀ ਪਹਿਚਾਣ ਹਸਨਪ੍ਰੀਤ ਸਿੰਘ (21) ਪੁੱਤਰ ਗੁਰਜਿੰਦਰ ਸਿੰਘ ਵਾਸੀ ਮੱਲੋ ਵਾਲੀਆ ਫ਼ਿਰੋਜ਼ਪੁਰ ਹਾਲਵਾਸੀ ਜਸੀਆ ਰੋਡ ਅਤੇ ਨਰਿੰਦਰਪਾਲ ਸਿੰਘ (20) ਪੁੱਤਰ ਦਲਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਕਪੂਰਥਲਾ ਵਜੋਂ ਹੋਈ ਹੈ।
