ਲੁਧਿਆਣਾ, 27 ਮਾਰਚ,ਬੋਲੇ ਪੰਜਾਬ ਬਿਊਰੋ :
ਨਹਿਰੀ ਜਲ ਸਪਲਾਈ ਪ੍ਰੋਜੈਕਟ ‘ਤੇ ਕੰਮ ਕਰਦੇ ਹੋਏ, ਵਿਸ਼ਵ ਬੈਂਕ ਦੇ ਅਧਿਕਾਰੀਆਂ ਦੇ ਇੱਕ ਵਫ਼ਦ ਨੇ ਬੁੱਧਵਾਰ ਨੂੰ ਵਾਟਰ ਯੂਟਿਲਿਟੀ ਕੰਪਨੀ – ਲੁਧਿਆਣਾ ਅਰਬਨ ਵਾਟਰ ਐਂਡ ਵੇਸਟਵਾਟਰ ਮੈਨੇਜਮੈਂਟ ਲਿਮਟਿਡ ਦੇ ਕੰਮਕਾਜ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਸਰਾਭਾ ਨਗਰ ਸਥਿਤ ਨਗਰ ਨਿਗਮ ਦੇ ਜ਼ੋਨ ਡੀ ਦਫ਼ਤਰ ਵਿੱਚ ਹੋਈ।
ਸ਼ਹਿਰ ਵਿੱਚ ਜਲ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵਿਸ਼ਵ ਬੈਂਕ ਅਤੇ ਏ.ਆਈ.ਆਈ.ਬੀ. ਨਹਿਰੀ ਜਲ ਸਪਲਾਈ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਵਾਟਰ ਯੂਟੀਲਿਟੀ ਕੰਪਨੀ ਬਣਾਈ ਗਈ ਹੈ ਜਿਸ ਨੂੰ ਕਰੋੜਾਂ ਰੁਪਏ ਦੇ ਫੰਡ ਦਿੱਤੇ ਗਏ ਹਨ। ਵਾਟਰ ਯੂਟੀਲਿਟੀ ਕੰਪਨੀ ਦੇ ਕੰਮਕਾਜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਸ਼ਵ ਬੈਂਕ ਦੀ ਟੀਮ ਦੀ ਅਗਵਾਈ ਸੀਨੀਅਰ ਜਲ ਮਾਹਿਰ ਸ੍ਰੀਨਿਵਾਸ ਪੋਡੀਪੀਰੇਡੀ ਅਤੇ ਸਲਾਹਕਾਰ ਰਾਮ ਅਨਿੰਦੋ ਕਰ ਰਹੇ ਸਨ। ਮੀਟਿੰਗ ਦੌਰਾਨ ਵਾਟਰ ਯੂਟੀਲਿਟੀ ਕੰਪਨੀ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਚੀਫ਼ ਇੰਜਨੀਅਰ ਰਵਿੰਦਰ ਗਰਗ, ਨਿਗਰਾਨ ਇੰਜਨੀਅਰ (ਪ੍ਰਾਜੈਕਟ) ਪਾਰੁਲ ਗੋਇਲ, ਕਾਰਜਕਾਰੀ ਇੰਜਨੀਅਰ ਏਕਜੋਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿਖੇ ਵਿਸ਼ਵ ਪੱਧਰੀ 580 ਐਮ.ਐਲ.ਡੀ ਵਾਟਰ ਸਪਲਾਈ ਸਿਸਟਮ ਦੀ ਉਸਾਰੀ ਸਮੇਤ ਨਹਿਰੀ ਜਲ ਸਪਲਾਈ ਪ੍ਰਾਜੈਕਟ ਅਧੀਨ ਵੱਖ-ਵੱਖ ਕੰਮਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਵਾਟਰ ਟਰੀਟਮੈਂਟ ਪਲਾਂਟ ਲਗਾਇਆ ਜਾਣਾ ਹੈ, ਜਿਸ ਤੋਂ ਬਾਅਦ ਟਰੀਟਡ ਪਾਣੀ ਸ਼ਹਿਰ ਵਾਸੀਆਂ ਨੂੰ ਸਪਲਾਈ ਕੀਤਾ ਜਾਵੇਗਾ।
