ਚੰਡੀਗੜ੍ਹ, 27 ਮਾਰਚ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੀ ਦਾਦਾ ਲਖਮੀ ਚੰਦ ਸਟੇਟ ਯੂਨੀਵਰਸਿਟੀ (SUPVA) ਚੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਯੂਨੀਵਰਸਿਟੀ ਦੀਆਂ ਹਰੀ-ਭਰੀਆਂ ਕਿਆਰੀਆਂ ਵਿੱਚ 100 ਤੋਂ ਵੱਧ ਅਫੀਮ ਦੇ ਪੌਦੇ ਮਿਲੇ ਹਨ। ਇਹ ਪੌਦੇ ਇੰਨੇ ਗੁਪਤ ਢੰਗ ਨਾਲ ਫੁੱਲਾਂ ਵਿਚਕਾਰ ਲੁਕੋਏ ਹੋਏ ਸਨ ਕਿ ਪਹਿਲਾਂ ਕਿਸੇ ਦਾ ਧਿਆਨ ਹੀ ਨਾ ਗਿਆ।
ਖਾਸ ਗੱਲ ਇਹ ਹੈ ਕਿ ਜਿੱਥੇ ਅਫੀਮ ਉਗਾਈ ਜਾ ਰਹੀ ਸੀ, ਓਥੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਦਫ਼ਤਰ ਵੀ ਮੌਜੂਦ ਹਨ।ਕੀ ਇਹ ਸਾਜ਼ਿਸ਼ ਹੈ ਜਾਂ ਲਾਪਰਵਾਹੀ, ਇਹ ਇਨਕੁਆਰੀ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਮਾਮਲੇ ਦਾ ਪਰਦਾਫਾਸ਼ ਬੁੱਧਵਾਰ ਨੂੰ ਹੋਇਆ, ਜਦ ਕੁਝ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ। ਇਹ ਸੁਣਦੇ ਹੀ ਯੂਨੀਵਰਸਿਟੀ ਪ੍ਰਸ਼ਾਸਨ ਹਰਕਤ ’ਚ ਆ ਗਿਆ ਅਤੇ 5 ਮੈਂਬਰੀ ਜਾਂਚ ਕਮੇਟੀ ਗਠਿਤ ਕਰ ਦਿੱਤੀ ਗਈ।
ਯੂਨੀਵਰਸਿਟੀ ਦੇ ਰਜਿਸਟਰਾਰ ਗੁੰਜਨ ਮਲਿਕ ਨੇ ਕਿਹਾ ਕਿ ਅਸੀਂ ਸ਼ਿਕਾਇਤ ਮਿਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
