ਪੀੜਤ ਮਹਿਲਾ ਨੇ ਅਧੂਰੀ ਜਾਣਕਾਰੀ ਦੇ ਕੇ ਕਰਵਾਈ ਸੀ ਪ੍ਰੈਸ ਕਾਨਫਰੰਸ, ਪੰਚਾਇਤ ਅਤੇ ਮੋਹਤਬਰਾਂ ਨੇ ਦੱਸੀ ਪੂਰੀ ਜਾਣਕਾਰੀ
ਕੁੱਟ ਮਾਰ ਦੀਆਂ ਫੁਟੇਜ ਨੇ ਸਾਰਾ ਮਾਮਲਾ ਕੀਤਾ ਸਾਫ, ਮਹਿਲਾ ਵੱਲੋਂ ਖੁਦ ਕੀਤੀ ਗਈ ਸੀ ਕੁੱਟਮਾਰ
ਮੋਹਾਲੀ, 27 ਮਾਰਚ ,ਬੋਲੇ ਪੰਜਾਬ ਬਿਊਰੋ :
ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸਸੀ ਬੀਸੀ ਮੋਰਚੇ ਦੇ 5 ਮਾਰਚ ਨੂੰ ਪਿੰਡ ਝਾਮਪੁਰ ਦੀ ਮਹਿਲਾ ਨੇ ਮੋਰਚਾ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ ਵਿੱਚ ਉਸ ਨੇ ਪਿੰਡ ਦੀ ਸਰਪੰਚ, ਸਰਪੰਚ ਦੇ ਪਤੀ ਅਤੇ ਇੱਕ ਪੰਚ ਤੇ ਦੋਸ਼ ਲਗਾਏ ਸਨ ਕਿ ਉਹਨਾਂ ਵੱਲੋਂ ਮੇਰੇ ਬੇਟੇ ਦੀ ਕੁੱਟਮਾਰ ਕੀਤੀ ਗਈ ਹੈ। ਮੋਰਚਾ ਆਗੂਆਂ ਨੇ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਤੇ ਪੁਲਿਸ ਨੇ ਹਰਕਤ ਵਿੱਚ ਆਕੇ ਇਸ ਮਾਮਲੇ ਦੀ ਸੁਣਵਾਈ ਕੀਤੀ। ਉਸ ਮਹਿਲਾਂ ਨੇ ਆਪਣੇ ਬੇਟੇ ਨੂੰ ਪੀਜੀਆਈ ਵਿੱਚ ਵੀ ਦਾਖਲ ਕਰਵਾਇਆ ਸੀ ਤੇ ਲੜਕਾ ਹੁਣ ਬਿਲਕੁਲ ਠੀਕ-ਠਾਕ ਹੈ।
ਪਿੰਡ ਦੀ ਪੰਚਾਇਤ ਤੇ ਕੁਝ ਮੋਹਤਬਰ ਵਿਅਕਤੀ ਮੋਰਚਾ ਸਥਾਨ ਤੇ ਪਹੁੰਚੇ ਸਨ ਤੇ ਉਹਨਾਂ ਨੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਹੋਰ ਕਿਸੇ ਵੱਲੋ ਨਹੀਂ ਕੀਤੀ ਗਈ ਬਲਕਿ ਉਸ ਮਹਿਲਾ ਵੱਲੋਂ ਖੁਦ ਕੀਤੀ ਗਈ ਸੀ। ਜਿਸ ਦੀਆਂ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਇਹ ਮਾਮਲੇ ਨੂੰ ਸਾਫ ਕੀਤਾ। ਇਸ ਤੋਂ ਬਾਅਦ ਮੋਰਚਾ ਆਗੂਆਂ ਨੇ ਪਿੰਡ ਝਾਮਪੁਰ ਖੁਦ ਜਾ ਕੇ ਇਸ ਮਾਮਲੇ ਦੀ ਛਾਣਬੀਣ ਕੀਤੀ।
ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਅੱਜ ਮੋਰਚਾ ਸਥਾਨ ਤੇ ਪਹੁੰਚ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਪ੍ਰੈਸ ਦੇ ਸਾਹਮਣੇ ਦੱਸੀ। ਪੰਚ ਗੁਰਦੀਪ ਸਿੰਘ ਮੱਲ ਅਤੇ ਹਰਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਪਿੰਡ ਦੀ ਗੁੱਗਾ ਮਾੜੀ ਦੀ ਸ਼ਾਮਲਾਟ ਜਗ੍ਹਾ ਦਾ ਮਾਮਲਾ ਮੋਹਾਲੀ ਦੀ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਹਨਾਂ ਕਿਹਾ ਕਿ ਲੜਕੇ ਦੀ ਕੁੱਟਮਾਰ ਖੁਦ ਉਸ ਦੀ ਮਾਂ ਅਤੇ ਭੈਣ ਨੇ ਕੀਤੀ ਹੈ। ਉਹ ਲੜਕਾ ਸ਼ਰਾਬ ਦਾ ਆਦੀ ਹੈ ਤੇ ਸ਼ਰਾਬ ਪੀ ਕੇ ਅਕਸਰ ਲੋਕਾਂ ਨਾਲ ਜਾਂ ਆਪਣੇ ਪਰਿਵਾਰ ਨਾਲ ਗਾਲੀ ਗਲੋਚ ਕਰਦਾ ਰਹਿੰਦਾ ਹੈ ਤੇ ਇਸ ਦਿਨ ਵੀ ਉਹ ਗਾਲੀ ਗਲੋਚ ਕਰ ਰਿਹਾ ਸੀ। ਜਿਸ ਦੀਆਂ ਸੀਸੀਟੀਵੀ ਫੁਟੇਜ ਦੇਖ ਕੇ ਇਹ ਸਾਰਾ ਮਾਮਲਾ ਸਾਫ ਹੋ ਗਿਆ ਹੈ। ਅਸਲ ਵਿੱਚ ਉਸ ਮਹਿਲਾ ਦੀ ਮਨਸ਼ਾ ਗੁਗਾ ਮਾੜੀ ਦੀ ਜਮੀਨ ਤੇ ਕਬਜ਼ਾ ਕਰਨ ਦੀ ਹੈ। ਜਿਸ ਲਈ ਉਸ ਨੇ ਇਹ ਸਾਰੀ ਮਨਘੜਤ ਕਹਾਣੀ ਬਣਾਈ ਹੈ।
ਇਸ ਮਾਮਲੇ ਬਾਰੇ ਬੋਲਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਸੀਂ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਦੀ ਗੱਲਬਾਤ ਸੁਣੀ ਹੈ ਤੇ ਸਾਡੀ ਟੀਮ ਨੇ ਇਸ ਮਾਮਲੇ ਬਾਰੇ ਪਿੰਡ ਵਿੱਚ ਜਾਕੇ ਛਾਣਬੀਨ ਵੀ ਕੀਤੀ ਹੈ। ਗੁਗਾ ਮਾੜੀ ਦੀ ਸ਼ਾਮਲਾਟ ਜਮੀਨ ਨੂੰ ਲੈ ਕੇ ਗੁੱਗਾਮਾੜੀ ਕਮੇਟੀ ਅਤੇ ਮੋਨਕਾ ਸ਼ਰਮਾ ਦਾ ਮਾਨਯੋਗ ਅਦਾਲਤ ਮੋਹਾਲੀ ਵਿੱਚ ਕੇਸ ਸੁਣਵਾਈ ਅਧੀਨ ਹੈ। ਜਿਸ ਵਿੱਚ ਉਹ ਪੰਚਾਇਤ ਨੂੰ ਆਪਣੇ ਲੜਕੇ ਦੀ ਕੁੱਟਮਾਰ ਕਰਨ ਦੀ ਕਹਾਣੀ ਬਣਾ ਕੇ ਉਲਝਾਉਣਾ ਚਾਹੁੰਦੀ ਹੈ। ਜਿਸ ਦੀਆਂ ਫੋਟੋਜ ਦੇਖ ਕੇ ਸਾਰੀ ਸਥਿਤੀ ਸਾਫ ਹੋ ਗਈ ਹੈ। ਇਸ ਤੋਂ ਇਲਾਵਾ ਜਮੀਨ ਦੀਆਂ ਜਮਾਂਬੰਦੀਆਂ ਦੇਖ ਕੇ ਇਹ ਪਤਾ ਲੱਗਾ ਹੈ ਕਿ ਇਹ ਸਾਰਾ ਸ਼ਾਮਲਾਟ ਜਮੀਨ ਨੂੰ ਹਥਿਆਉਣ ਦਾ ਮਾਮਲਾ ਹੈ। ਇਸ ਅਧੂਰੀ ਜਾਣਕਾਰੀ ਨੂੰ ਲੈ ਕੇ ਅਸੀਂ ਜੋ ਸਿਫਾਰਿਸ਼ ਕੀਤੀ ਉਸ ਦੀ ਅਸੀਂ ਖਿਮਾ ਮੰਗਦੇ ਹਾਂ ਤੇ ਉਪਰੋਖਤ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਮੋਹਾਲੀ ਅਤੇ ਐਸਐਚਓ ਥਾਣਾ ਬਲੌਗੀ ਨੂੰ ਬੇਨਤੀ ਕਰਦੇ ਹਾਂ ਕਿ ਜੋ ਅੱਜ ਲਿਖਤੀ ਦਰਖਾਸਤਾਂ ਆਪ ਜੀ ਨੂੰ ਦੇਣ ਲੱਗੇ ਹਾਂ, ਉਨ੍ਹਾਂ ਦੀ ਪੜਤਾਲ ਕਰਕੇ ਇਸ ਪਰਚੇ ਨੂੰ ਰੱਦ ਕਰਨ ਦੀ ਕ੍ਰਿਪਾਲਤਾ ਕਰਨੀ।
ਇਸ ਮੌਕੇ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਗੁਰ ਸਿਮਰਨ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਨੇਹਾ ਰਾਣੀ ਪੰਚ, ਜਸਵੀਰ ਕੌਰ ਪੰਚ, ਸਾਬਕਾ ਸਰਪੰਚ ਚਰਨ ਸਿੰਘ, ਪ੍ਰਭਜੋਤ ਸਿੰਘ ਪੰਚ, ਜਸਪਾਲ ਸਿੰਘ, ਗੁਰਦੇਵ ਸਿੰਘ, ਹਰਪ੍ਰੀਤ ਸਿੰਘ, ਕਮਲਜੀਤ ਸਿੰਘ ਮਨਦੀਪ ਸਿੰਘ, ਗੁਰਪ੍ਰੀਤਾਂ ਸਿੰਘ ਆਦਿ ਹਾਜ਼ਰ ਹੋਏ।