ਚੰਡੀਗੜ੍ਹ , 26 ਮਾਰਚ ,ਬੋਲੇ ਪੰਜਾਬ ਬਿਊਰੋ :
ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ਼ ਜੱਥੇਬਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ(ਪ.ਸ.ਸ.ਫ.) ਦੇ ਸੂਬਾਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬੱਜਟ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਨਿਰਾਸ਼ਾ ਦਾ ਆਲਮ ਪੈਦਾ ਕਰ ਗਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਮੌਜੂਦਾ ਸਰਕਾਰ ਹਰ ਇੱਕ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬੱਜਟ ਨਿਰਾਸ਼ ਕਰਨ ਵਾਲਾ ਹੈ ਜਿਸ ਤੋਂ ਸਰਕਾਰ ਦੀ ਭਵਿੱਖੀ ਕਾਰਗੁਜ਼ਾਰੀ ਦੀ ਝਲਕ ਸਾਫ ਦਿਖਾਈ ਦੇ ਰਹੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਭਾਸ਼ਣਾ ਵਿੱਚ ਝੂਠ ਦਾ ਪੁਲੰਦਾ ਪਰੋਸਣ ਵਾਲੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਬੱਜਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ, ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਦੀ ਵੀ ਕੋਈ ਤਜਵੀਜ਼ ਨਹੀ ਹੈ। ਸੂਬੇ ਦੇ ਵੱਖ-ਵੱਖ ਵਿਭਾਗਾਂ ਅੰਦਰ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਭਰਨ ਸਬੰਧੀ ਵੀ ਕੋਈ ਜ਼ਿਕਰ ਨਹੀਂ ਹੈ। ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਨ, ਬੰਦ ਭੱਤਿਆਂ ਨੂੰ ਚਾਲੂ ਕਰਨ ਮੰਹਿਗਾਈ ਭੱਤੇ ਦੀਆਂ ਕਿਸ਼ਤਾਂ, ਵਿਕਾਸ ਟੈਕਸ ਬੰਦ ਕਰਨ ਸਬੰਧੀ ਵੀ ਇਸ ਆਮ ਆਦਮੀਆਂ ਦੀ ਸਰਕਾਰ ਦਾ ਬੱਜਟ ਬਿਲਕੁਲ ਖਾਮੋਸ਼ ਹੈ। ਜੱਥੇਬੰਦੀ ਦੇ ਆਗੂਆਂ ਸੁਖਵਿੰਦਰ ਚਾਹਲ, ਕਰਮਜੀਤ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਰਕਾਰ ਦੀ ਨੀਅਤ ਪਤਾ ਹੋਣ ਦੇ ਕਾਰਣ ਇਹ ਬੱਜਟ ਮੁਲਾਜ਼ਮ ਦੀ ਆਸ ਅਨੁਸਾਰ ਹੀ ਹੈ ਕਿਉਂਕਿ ਮੁੱਖ ਮੰਤਰੀ ਅਤੇ ਸਮੁੱਚੀ ਕੈਬਨਿਟ ਵਲੋਂ ਸਿਰਫ ਭਾਸ਼ਣਾ ਨਾਲ ਹੀ ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਮੰਗ ਨੂੰ ਹੱਲ ਕਰਨ ਦਾ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਤਾਂ ਮੁੱਲਾਜ਼ਮ/ਪੈਨਸ਼ਨਰ ਜੱਥੇਬੰਦੀਆਂ ਨਾਲ ਮੀਟਿੰਗ ਵੀ ਨਹੀਂ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਇਸ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬੱਜਟ ਨੂੰ ਨਕਾਰਦੇ ਹੋਏ ਸਾਂਝੇ ਫਰੰਟ ਵੱਲੋਂ ਮਿਤੀ 27-28 ਮਾਰਚ ਨੂੰ ਸੂਬੇ ਭਰ ਵਿੱਚ ਥਾਂ-ਥਾਂ ਤੇ ਬੱਜਟ ਦੀਆਂ ਕਾਪੀਆਂ ਫੂਕ ਕੇ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ।ਮਿਤੀ 25 ਮਾਰਚ ਨੂੰ ਸਾਂਝੇ ਫਰੰਟ ਵਲੋਂ ਮੁਹਾਲੀ ਵਿਖੇ ਕੀਤੀ ਗਈ ਸੂਬਾਈ ਰੈਲੀ ਵਿੱਚ ਪ.ਸ.ਸ.ਫ. ਦੇ ਝੰਡੇ ਹੇਠ ਪਹੁੰਚੇ ਮੁਲਾਜ਼ਮਾਂ ਦਾ ਜੱਥੇਬੰਦੀ ਵਲੋਂ ਧਂੰਨਵਾਦ ਕੀਤਾ ਗਿਆ ਹੈ ਅਤੇ ਪ.ਸ.ਸ.ਫ. ਵਲੋਂ ਮਿਤੀ 10 ਅਪ੍ਰੈਲ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਦੀ ਤਿਆਰੀ ਦਾ ਹੋਕਾ ਵੀ ਦਿੱਤਾ ਗਿਆ ਹੈ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਬਿੰਦਰ ਸਿੰਘ, ਸੁਭਾਸ਼ ਚੰਦਰ, ਬੋਬਿੰਦਰ ਸਿੰਘ, ਸਰਬਜੀਤ ਪੱਟੀ, ਪ੍ਰੇਮ ਚੰਦ, ਪੁਸ਼ਪਿੰਦਰ ਵਿਰਦੀ, ਮੋਹਣ ਸਿੰਘ ਪੂਨੀਆ, ਅਮਰੀਕ ਸਿੰਘ, ਪੁਸ਼ਪਿੰਦਰ ਸਿੰਘ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਜਤਿੰਦਰ ਕੁਮਾਰ, ਕਿਸ਼ੋਰ ਚੰਦ ਗਾਜ, ਰਜੇਸ਼ ਕੁਮਾਰ ਅਮਰੋਹ, ਕਰਮ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਬਿੱਟੂ, ਜਸਵਿੰਦਰ ਸੋਜਾ, ਮਨੋਹਰ ਲਾਲ ਸ਼ਰਮਾ, ਬਲਵਿੰਦਰ ਭੁੱਟੋ, ਕੁਲਦੀਪ ਵਾਲੀਆ, ਚਮਕੌਰ ਸਿੰਘ ਨਾਭਾ, ਰਜਿੰਦਰ ਸਿੰਘ ਰਿਆੜ, ਮਾਲਵਿੰਦਰ ਸਿੰਘ, ਅਨਿਲ ਕੁਮਾਰ, ਵੀਰਇੰਦਰਜੀਤ ਪੁਰੀ, ਕੁਲਦੀਪ ਪੂਰੋਵਾਲ, ਬਿਮਲਾ ਰਾਣੀ, ਰਾਣੋ ਖੇੜੀ ਗਿੱਲਾਂ, ਸ਼ਰਮੀਲਾ ਦੇਵੀ, ਰਣਜੀਤ ਕੌਰ, ਜਸਪ੍ਰੀਤ ਗਗਨ, ਜਸਵਿੰਦਰਪਾਲ ਕਾਂਗੜ, ਫੁੰਮਣ ਸਿੰਘ ਕਾਠਗੜ੍ਹ, ਗੁਰਦੇਵ ਸਿੰਘ ਸਿੱਧੂ, ਪ੍ਰਭਜੀਤ ਰਸੂਲਪੁਰ, ਕਰਮਾਪੁਰੀ ਵੀ ਹਾਜਰ ਸਨ।