27-28 ਮਾਰਚ ਨੂੰ ਖੋਖਲੇ ਬੱਜਟ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ
ਮੋਰਿੰਡਾ,26, ਮਾਰਚ ,ਬੋਲੇ ਪੰਜਾਬ ਬਿਊਰੋ :
ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਹਿਮਾ ਸਿੰਘ ਧਨੌਲਾ ਮਨਜੀਤ ਸਿੰਘ ਸੰਗਤਪੁਰਾ, ਕੋ ਕਨਵੀਨਰ ਮਲਾਗਰ ਸਿੰਘ ਖਮਾਣੋ ,ਬਿੱਕਰ ਸਿੰਘ ਮਾਖਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਆਖਿਆ ਕਿ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਬੱਜਟ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅੱਖੋਂ ਪਰੋਖੇ ਕਰਕੇ ਉਹਨਾ ਨਾਲ ਧੋਖਾ ਕੀਤਾ ਗਿਆ ਹੈ। ਉਹਨਾ ਨੇ ਕਿਹਾ ਕਿ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ , ਦਾਅਵੇ ਕੀਤੇ ਗਏ ਸਨ ਕਿ ਪੰਜਾਬ ਦੀ ਸਰਕਾਰ ਪਿੰਡਾਂ ਵਿੱਚੋਂ ਚੱਲੇਗੀ, ਇਹ ਸਰਕਾਰ ਨੇ ਸਭ ਨਾਲੋਂ ਵੱਧ ਪਿੰਡਾਂ ਵਿੱਚ ਕੰਮ ਕਰਦੇ ਫੀਲਡ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ ਹੈ। ਇਹਨਾਂ ਪੰਜਾਬ ਦੀਆਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ, ਐਨ.ਪੀ.ਐੱਸ. ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਤਹਿ ਕਰਨ, ਪੇਂਡੂ ਭੱਤੇ ਸਮੇਤ ਕੱਟੇ ਗਏ ਸਾਰੇ ਭੱਤੇ ਮੁੜ ਬਹਾਲ ਕਰਨ, ਡੀ.ਏ. ਨੂੰ ਕੇਂਦਰ ਨਾਲ ਲਿੰਕ ਕਰਕੇ ਰਹਿੰਦੇ ਸਾਰੇ ਬਕਾਇਆਂ ਦਾ ਭੁਗਤਾਨ ਕਰਨ, ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਸਾਰੇ ਬਕਾਏ ਤਿੰਨ ਕਿਸ਼ਤਾਂ ਵਿੱਚ ਅਦਾ ਕਰਨ, 17-07-2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲਾਂ ਨਾਲ ਜੋੜਨ, ਮੁਲਾਜ਼ਮਾਂ ਦੇ ਪਰਖ ਸਮੇਂ ਸਬੰਧੀ 15-01-15 ਦੇ ਪੱਤਰ ਨੂੰ ਰੱਦ ਕਰਕੇ ਪਰਖ ਸਮਾਂ 2 ਸਾਲ ਕਰਨ ਅਤੇ ਵਿਕਾਸ ਕਰ ਦੇ ਨਾਮ ਹੇਠ ਪ੍ਰਤੀ ਮਹੀਨਾ 200 ਰੁਪਏ ਜਜੀਏ ਨੂੰ ਰੱਦ ਕਰਨ ਦੀਆਂ ਚੋਣ ਗਾਰੰਟੀਆਂ ਦਿੱਤੀਆਂ ਗਈਆਂ ਸਨ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਚੌਥੇ ਬੱਜਟ ਵਿੱਚ ਵੀ ਇਹਨਾ ਗਾਰੰਟੀਆਂ ਬਾਰੇ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ।ਇਸ ਸਬੰਧੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਦੇ ਸਮੂਹ ਮੁਲਾਜ਼ਮਾਂ, ਮਾਣ ਭੱਤਾ ਵਰਕਰਾਂ ਅਤੇ ਪੈਨਸ਼ਨਰਾਂ ਨੂੰ 27-28 ਮਾਰਚ ਨੂੰ ਸਮੁੱਚੇ ਪੰਜਾਬ ਅੰਦਰ ਥਾਂ ਥਾਂ ‘ਤੇ 2025-26 ਦੇ ਬੱਜਟ ਦੀਆਂ ਕਾਪੀਆਂ ਫੂਕਣ ਦਾ ਸੱਦਾ ਦਿੱਤਾ ਅਤੇ ਅਪੀਲ ਕੀਤੀ ਕਿ ਇਸ ਤਰ੍ਹਾਂ ਕਰਦੇ ਵਕ਼ਤ ਬੱਜਟ ਡਾਕੂਮੈਂਟ ਦੇ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਸਾਹਿਬ ਦੀ ਤਸਵੀਰ ਵਾਲੇ ਟਾਈਟਲ ਪੰਨੇ ਨੂੰ ਸਤਿਕਾਰ ਸਹਿਤ ਉਤਾਰ ਲਿਆ ਜਾਵੇ। ਇਸ ਸੱਦੇ ਤਹਿਤ ਸਮੁੱਚੇ ਫੀਲਡ ਮੁਲਾਜ਼ਮ ਵੀ ਇਸ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।