ਪਠਾਨਕੋਟ, 26 ਮਾਰਚ, ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਨਸ਼ੇ ਦੇ ਖਿਲਾਫ਼ ਸਖ਼ਤ ਐਕਸ਼ਨ ਲੈ ਰਹੀ ਹੈ, ਜਿਸ ਤਹਿਤ ਅੱਜ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮਿਲ ਕੇ ਇੱਕ ਨਸ਼ਾ ਤਸਕਰ ਦੇ ਘਰ ’ਤੇ ਬੁਲਡੋਜ਼ਰ ਚਲਾ ਦਿੱਤਾ। ਇਹ ਕਾਰਵਾਈ ਸੁਜਾਨਪੁਰ ਵਿੱਚ ਹੋਈ, ਜਿੱਥੇ ਐਸਐਸਪੀ ਦਲਜਿੰਦਰ ਸਿੰਘ ਢਿੱਲੋ ਅਤੇ ਡਿਊਟੀ ਮੈਜਿਸਟ੍ਰੇਟ ਦੀ ਅਗਵਾਈ ਹੇਠ ਇਹ ਅਮਲ ਕੀਤਾ ਗਿਆ।
ਐਸਐਸਪੀ ਪਠਾਨਕੋਟ ਮੁਤਾਬਕ, ਨਸ਼ਾ ਤਸਕਰ ਉੱਤੇ 11 ਨਾਰਕੋਟਿਕਸ ਐਕਟ ਦੇ ਮਾਮਲੇ ਦਰਜ ਸਨ। ਗੈਰਕਾਨੂੰਨੀ ਬਣੀ ਇਹ ਬਿਲਡਿੰਗ ਕਾਨੂੰਨੀ ਕਾਰਵਾਈ ਤਹਿਤ ਗਿਰਾਈ ਗਈ।
ਜਦੋਂ ਮਕਾਨ ਉੱਤੇ ਬੁਲਡੋਜ਼ਰ ਚਲਿਆ, ਉਥੇ ਮਹਿਲਾਵਾਂ ਅਤੇ ਪਰਿਵਾਰਕ ਮੈਂਬਰ ਰੋਂਦੇ ਹੋਏ ਪੁਲਿਸ ਅੱਗੇ ਬੇਨਤੀ ਕਰ ਰਹੇ ਸਨ ਕਿ ਉਹ ਕਿੱਥੇ ਜਾਣਗੇ।ਪਰ ਸਰਕਾਰੀ ਨਿਯਮਾਂ ਦੇ ਅਨੁਸਾਰ ਇਹ ਅਮਲ ਜਾਰੀ ਰਿਹਾ।ਪ੍ਰਸ਼ਾਸਨ ਮੁਤਾਬਕ, ਅਗਾਂਹ ਵੀ ਨਸ਼ਾ ਮਾਫੀਆ ’ਤੇ ਇੰਝ ਹੀ ਐਕਸ਼ਨ ਹੋਣਗੇ।
ਇਸ ਕਾਰਵਾਈ ਦੌਰਾਨ ਐਸਪੀ ਗੁਰਬਾਜ ਸਿੰਘ, ਡੀਐਸਪੀ ਸੁਮੇਰ ਸਿੰਘ ਮਾਨ, ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ, ਐਕਸੀਅਨ ਰਾਜੇਸ਼ ਸਾਹਨੀ, ਐਸਐਚਓ ਮੋਹਿਤ ਟਾਕ, ਇੰਸਪੈਕਟਰ ਮੁਨਦੀਪ ਸਲਗੋਤਰਾ ਅਤੇ ਰੁਪਿੰਦਰਜੀਤ ਕੌਰ ਵੀ ਮੌਜੂਦ ਰਹੇ।
