ਸਿਰਸਾ, 26 ਮਾਰਚ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਸਿਰਸਾ ਜ਼ਿਲ੍ਹੇ ’ਚ ਅੱਜ ਸਵੇਰੇ ਭਾਰਤਮਾਲਾ ਰੋਡ ’ਤੇ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ। ਗੁਜਰਾਤ ਪੁਲਿਸ ਦੀ ਇੱਕ ਗੱਡੀ ਅਣਪਛਾਤੇ ਵਾਹਨ ਨਾਲ ਭਿਆਨਕ ਟੱਕਰ ਹੋਣ ਕਾਰਨ 3 ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ, ਇਹ ਹਾਦਸਾ ਬੁੱਧਵਾਰ ਤੜਕੇ 5.30 ਵਜੇ ਵੈਡਿੰਗ ਖੇੜਾ ਨੇੜੇ ਵਾਪਰਿਆ। ਗੁਜਰਾਤ ਪੁਲਿਸ ਦੀ ਟੀਮ ਇੱਥੇ ਕਿਸੇ ਮਾਮਲੇ ਦੀ ਜਾਂਚ ਲਈ ਆਈ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਪਿੰਡ ਵੈਡਿੰਗ ਖੇੜਾ ਪਹੁੰਚੀ, ਉਹ ਇੱਕ ਅਣਪਛਾਤੇ ਵਾਹਨ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।
ਸਦਰ ਥਾਣਾ ਇੰਚਾਰਜ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਮੌਕੇ ’ਤੇ ਮਿਲੀ ਨੰਬਰ ਪਲੇਟ ਪੰਜਾਬ ਦੀ ਹੈ, ਜਿਸ ਦੇ ਆਧਾਰ ’ਤੇ ਪੁਲਿਸ ਉਸ ਅਣਪਛਾਤੇ ਵਾਹਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡੱਬਵਾਲੀ ਸਦਰ ਥਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਗੁਜਰਾਤ ਪੁਲਿਸ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।
